Khalas Tv Special Punjab Religion

10 ਪੋਹ ਦਾ ਇਤਿਹਾਸ, ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਅਤੇ ਸਿੰਘਾਂ ਦਾ ਸਸਕਾਰ

ਪੰਜਾਬ : ਅੱਜ ਦੇ ਦਿਨ ਗੰਗੂ ਬ੍ਰਾਹਮਣ ਦੀ ਅਕ੍ਰਿਤਘਣਤਾ ਸਦਕਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਮੋਰਿੰਡੇ ਦੇ ਥਾਣੇ ਤੋਂ ਸਰਹਿੰਦ ਵਿਖੇ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਅੱਜ ਦੀ ਰਾਤ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ, ਸੂਬਾ ਸਰਹਿੰਦ ਦੀ ਕੈਦ ਵਿੱਚ, ਠੰਢੇ ਬੁਰਜ ਵਿੱਚ ਬਤੀਤ ਕੀਤੀ ਅਤੇ ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ।

ਵਜ਼ੀਰ ਖਾਨ ਨੂੰ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲੀ ਤਾਂ ਉਸਨੇ ਸੋਚਿਆ ਕਿ ਹੁਣ ਉਹ ਗੁਰੂ ਸਾਹਿਬ ਨੂੰ ਆਪਣੇ ਅੱਗੇ ਝੁਕਾ ਸਕੇਗਾ ਜੋ ਕਿ ਉਸਦਾ ਬਹੁਤ ਵੱਡਾ ਵਹਿਮ ਸੀ। 10 ਪੋਹ ਦੀ ਸਵੇਰ ਮਾਤਾ ਜੀ ਤੇ ਗੁਰੂ ਲਾਲਾਂ ਨੂੰ ਮੋਰਿੰਡੇ ਦੀ ਕੋਤਵਾਲੀ ਤੋਂ ਸਰਹਿੰਦ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਉਹ ਠੰਡਾ ਬੁਰਜ ਜੋ ਗਰਮੀਆਂ ‘ਚ ਵੀ ਠੰਡਕ ਦਾ ਅਹਿਸਾਸ ਦਿੰਦਾ ਸੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਅੱਜ ਦੀ ਰਾਤ ਅੱਤ ਦੀ ਠੰਡ ‘ਚ ਗੁਜ਼ਾਰੀ, ਪਰ ਫਿਰ ਵੀ ਸਬਰ ਤੇ ਸ਼ੁਕਰ ਦਾ ਪੱਲਾ ਨਾ ਛੱਡਿਆ। ਇਹ ਕਹਿਰ ਅੱਜ ਦੇ ਦਿਨ ਸੂਬਾ ਸਰਹਿੰਦ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ‘ਤੇ ਕੀਤਾ ਗਿਆ।

ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਅਤੇ ਸਿੰਘਾਂ ਦਾ ਸਸਕਾਰ

ਦੂਜੇ ਬੰਨੇ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਘਸਮਾਨ ਦੀ ਜੰਗ ਹੋਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਸਿੰਘਾਂ ਦੇ ਹੁਕਮ ਅਤੇ ਬੇਨਤੀ ਅਨੁਸਾਰ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ ਅਤੇ ਮੁਗਲਾਂ ਨੇ ਇਸ ਗੜ੍ਹੀ ਦੇ ਦੁਆਲੇ ਆਪਣਾ ਠਿਕਾਣਾ ਬਣਾ ਲਿਆ।

ਨਾਲ ਦੇ ਪਿੰਡਾਂ ਵਿੱਚ ਗੁਰੂ ਸਾਹਿਬ ਜੀ ਨੂੰ ਲੱਭਣ ਦਾ ਵੀ ਹੁਕਮ ਹੋ ਚੁੱਕਾ ਸੀ ਇਸ ਦੇ ਨਾਲ-ਨਾਲ ਮੁਗਲ ਫੌਜਾਂ ਰਾਤ ਦੇ ਸਮੇਂ ਗੜ੍ਹੀ ਦੇ ਦੁਆਲੇ ਵੀ ਪਹਿਰਾ ਦੇ ਰਹੀਆਂ ਸਨ।

ਚਮਕੌਰ ਸਾਹਿਬ ਦੀ ਜੰਗ ਅਤੇ ਇਸ ਵਿੱਚ ਹੋਈਆਂ ਸ਼ਹਾਦਤਾਂ ਬਾਰੇ ਪਤਾ ਲੱਗਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਅਤੇ ਸੰਗਤ ਨਾਲ ਜੁੜੀ ਬੀਬੀ ਹਰਸ਼ਰਨ ਕੌਰ ਨੇ ਆਪਣੀ ਮਾਤਾ ਜੀ ਤੋਂ ਆਗਿਆ ਲੈ ਕੇ ਸ੍ਰੀ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਅੰਤਿਮ ਸਸਕਾਰ ਕਰਨ ਦਾ ਫੈਸਲਾ ਲਿਆ ਅਤੇ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜ੍ਹੀ ਕੋਲ ਪਹੁੰਚੀ।

ਇਸ ਸਮੇਂ ਮੁਗਲ ਫੌਜਾਂ ਗੜ੍ਹੀ ਦੇ ਦੁਆਲੇ ਆਪਣਾ ਪਹਿਰਾ ਦੇ ਰਹੀਆਂ ਸੀ ਅਤੇ ਗੁਰੂ ਸਾਹਿਬ ਦੇ ਆਸਰੇ ਨਾਲ ਬੀਬੀ ਹਰਸ਼ਰਨ ਕੌਰ ਜੀ ਨੇ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਪਾਵਨ ਸਰੀਰਾਂ ਨੂੰ ਖੋਜਿਆ ਅਤੇ ਇਕੱਠੇ ਕੀਤਾ। ਬੀਬੀ ਹਰਸ਼ਰਨ ਕੌਰ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸਿੰਘਾਂ ਦਾ ਸਸਕਾਰ ਕਰਨ ਲਈ ਚਿਖਾ ਤਿਆਰ ਕੀਤੀ ਅਤੇ ਇਕੱਠਾ ਹੀ ਅਗਨ ਭੇਟ ਕਰਨ ਉਪਰੰਤ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।

ਚਿਤਾ ਜਲਦੀ ਦੇਖ ਕੇ ਮੁਗ਼ਲ ਫੌਜ ਨੇ ਉਸ ਪਾਸੇ ਕਮਾਂਡ ਕੀਤੀ ਅਤੇ ਇਸ ਗੱਲ ਦਾ ਪਤਾ ਲੱਗਣ ਤੇ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਹਮਲਾ ਕੀਤਾ ਤਾਂ ਬੀਬੀ ਹਰਸ਼ਰਨ ਕੌਰ ਨੇ ਸੂਰਮਤਾਈ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਜਖਮੀ ਹੋ ਕੇ ਡਿੱਗ ਪਈ ਤਾਂ ਮੁਗ਼ਲ ਫੌਜ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਜਲਦੀ ਹੋਈ ਚਿਖਾ ਵਿੱਚ ਸੁੱਟ ਕੇ ਜਿੰਦਾ ਹੀ ਅਗਨ ਭੇਟ ਕਰ ਦਿੱਤਾ।

ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਜੀ ਦੀ ਇਹ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਅਤੇ ਪੂਰੀ ਦੁਨੀਆਂ ਇਸ ਉੱਪਰ ਮਾਣ ਮਹਿਸੂਸ ਕਰੇਗੀ।