Punjab

ਝੂਠੇ ਪੁਲਿਸ ਮੁਕਾਬਲੇ ’ਚ ਦੋ ਨੌਜਵਾਨਾਂ ਨੂੰ ਮਾਰਨ ਵਾਲੇ ਤਿੰਨ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ

ਮੋਹਾਲੀ ਸਥਿਤ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ 1992 ਦੇ ਇਕ ਹੋਰ ਕੇਸ ਦੀ ਸੁਣਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਅਗ਼ਵਾ ਕਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਤੇ ਲਾਸ਼ ਨੂੰ ਅਣਪਛਾਤਾ ਦਸ ਕੇ ਸਸਕਾਰ ਕਰਨ ਦੇ ਮਾਮਲੇ ਵਿਚ ਸਾਬਕਾ ਐਸਐਚਉ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿਤਾ ਹੈ। ਦੋਸ਼ੀਆਂ ਨੂੰ ਮੰਗਲਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਇਹ ਕੇਸ ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਿਚ ਵਿਚਾਰ ਅਧੀਨ ਸੀ।

ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਗੁਰਬਚਨ ਸਿੰਘ, ਏਐਸਆਈ ਰੇਸ਼ਮ ਸਿੰਘ ਅਤੇ ਪੁਲਿਸ ਮੁਲਾਜ਼ਮ ਹੰਸ ਰਾਜ ਸਿੰਘ ਨੂੰ ਧਾਰਾ 302 ਅਤੇ 120ਬੀ ਤਹਿਤ ਦੋਸ਼ੀ ਪਾਇਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਜੇਲ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀਬੀਆਈ ਅਦਾਲਤ ਮੰਗਲਵਾਰ ਨੂੰ ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਪੁਲਿਸ ਅਧਿਕਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿਚ ਮੌਤ ਹੋ ਗਈ ਸੀ ਅਤੇ ਉਸ ਵਿਰੁਧ ਕਾਰਵਾਈ ਰੋਕ ਦਿਤੀ ਗਈ ਸੀ।

ਸੀਬੀਆਈ ਵਲੋਂ ਅਦਾਲਤ ’ਚ ਦਾਇਰ ਚਾਰਜਸ਼ੀਟ ਅਨੁਸਾਰ ਜਗਦੀਪ ਸਿੰਘ ਉਰਫ਼ ਮੱਖਣ ਨੂੰ ਐਸਐਚਉ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ਵਿਚ ਗੋਲੀ ਚਲਾ ਦਿਤੀ ਅਤੇ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਇਹ ਘਟਨਾ 18 ਨਵੰਬਰ 1992 ਦੀ ਹੈ। ਇਸ ਤਰ੍ਹਾਂ ਗੁਰਨਾਮ ਸਿੰਘ ਉਰਫ਼ ਪਾਲੀ ਨੂੰ 21 ਨਵੰਬਰ 1992 ਨੂੰ ਐਸ.ਐਚ.ਉ ਗੁਰਬਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਘਰੋਂ ਅਗਵਾ ਕਰ ਲਿਆ ਸੀ। ਇਨ੍ਹਾਂ ਦੋਨੋਂ ਨੌਜਵਾਨਾਂ ਨੂੰ 30 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਝੂਠੇ ਮੁਕਾਬਲੇ ਵਿਚ ਮਾਰ ਦਿਤਾ ਸੀ।

ਇਸ ਸਬੰਧੀ ਪੰਜਾਬ ਪੁਲਿਸ ਨੇ ਐਫ਼.ਆਈ.ਆਰ ਨੰਬਰ 130/92 ਦਰਜ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਜਿਸ ’ਚ ਐਸ.ਐਚ.ਉ ਗੁਰਬਚਨ ਸਿੰਘ 30 ਨਵੰਬਰ 1992 ਦੀ ਸਵੇਰ ਨੂੰ ਗਸ਼ਤ ਕਰ ਰਹੇ ਸਨ, ਨੇ ਇਕ ਨੌਜਵਾਨ ਨੂੰ ਕਾਰ ਵਿਚ ਘੁੰਮਦੇ ਦੇਖਿਆ ਅਤੇ ਨੂਰ ਦਾ ਅੱਡਾ, ਤਰਨਤਾਰਨ ਨੇੜਿਓਂ ਸ਼ੱਕੀ ਹਾਲਾਤਾਂ ’ਚ ਨੌਜਵਾਨ ਨੂੰ ਕਾਬੂ ਕੀਤਾ। ਨੌਜਵਾਨ ਨੇ ਅਪਣੀ ਪਛਾਣ ਗੁਰਨਾਮ ਸਿੰਘ ਉਰਫ਼ ਪਾਲੀ ਵਜੋਂ ਦੱਸੀ।