ਖਨੌਰੀ ਬਾਰਡਰ : ਅੱਤ ਦੀ ਠੰਢ ਵਿੱਚ ਵੀ ਕਿਸਾਨ ਖਨੌਰੀ ਸਰਹੱਦ ਉਤੇ ਡਟੇ ਹੋਏ ਹਨ। ਅੱਜ ਖਨੌਰੀ ਸਰਹੱਦ ਉਤੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ 28 ਦਿਨ ਹੋ ਗਏ ਹਨ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ।
ਉਨ੍ਹਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਵੀ ਵਧ ਰਿਹਾ ਹੈ। ਜਿਸ ਕਾਰਨ ਉਹ ਐਤਵਾਰ ਨੂੰ ਪੂਰਾ ਦਿਨ ਧਰਨੇ ਵਾਲੀ ਸਟੇਜ ‘ਤੇ ਵੀ ਨਹੀਂ ਆਏ। ਐਤਵਾਰ 27ਵੇਂ ਦਿਨ ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਸੀ। ਡਾਕਟਰਾਂ ਮੁਤਾਬਕ ਉਨ੍ਹਾਂ ਦੇ ਹੱਥ ਪੈਰ ਠੰਡੇ ਸਨ ਅਤੇ ਬਲੱਡ ਪ੍ਰੈਸ਼ਰ ਵੀ ਘਟਿਆ ਹੋਇਆ ਸੀ।
ਡਾਕਟਰ ਸਵੈਮਾਨ ਨੇ ਦੱਸਿਆ ਕਿ ਡੱਲੇਵਾਲ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਹ ਖੜ੍ਹੇ ਹੋਣ ਦੇ ਵੀ ਯੋਗ ਨਹੀਂ ਹਨ। ਉਨ੍ਹਾਂ ਨੂੰ ਬੈੱਡ ‘ਤੇ ਹੀ ਪਿਸ਼ਾਬ ਕਰਵਾਇਆ ਜਾ ਰਿਹਾ ਹੈ। ਲਗਾਤਾਰ ਭੁੱਖ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਲਗਾਤਾਰ ਅੱਪ-ਡਾਊਨ ਹੋ ਰਹੀ ਹੈ। ਵਰਤ ਦਾ ਡੱਲੇਵਾਲ ਦੇ ਗੁਰਦਿਆਂ ਅਤੇ ਜਿਗਰ ‘ਤੇ ਵੀ ਬੁਰਾ ਪ੍ਰਭਾਵ ਪਿਆ ਹੈ।
ਇਸ ਦੇ ਨਾਲ ਹੀ ਮੋਰਚੇ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲਿਆਂ ਦੇ ਹੱਲ ਲਈ ਇਕਜੁੱਟ ਹੋਣ ਦੀ ਲੋੜ ਹੈ। ਐਤਵਾਰ ਨੂੰ ਕਿਸਾਨਾਂ ਨੇ ਖਨੌਰੀ ਬਾਰਡਰ ‘ਤੇ ਸਟੇਜ ਤੋਂ ਮੁੜ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦੀ ਅਪੀਲ ਕੀਤੀ।