ਸਫ਼ਰ-ਏ-ਸ਼ਹਾਦਤ ਦੀ ਜੜ੍ਹ ਉਦੋਂ ਲੱਗੀ ਜਦੋਂ ਮੁਗ਼ਲਾਂ ਅਤੇ ਬਾਈਧਾਰ ਦੇ ਰਾਜਿਆਂ ਵੱਲੋਂ ਲੱਖਾਂ ਦੀ ਫ਼ੌਜ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਨੂੰ ਪਾਏ ਘੇਰੇ ਨੂੰ ਲੰਮਾ ਸਮਾਂ ਬੀਤ ਚੱਲਿਆ। ਤਕਰੀਬਨ 8 ਮਹੀਨੇ ਦੇ ਘੇਰੇ ਕਾਰਨ ਕਿਲ੍ਹੇ ਅੰਦਰ ਰਸਦ ਅਤੇ ਪਾਲਤੂ ਪਸ਼ੂਆਂ ਤੇ ਘੋੜਿਆਂ ਲਈ ਚਾਰੇ ਦੀ ਕਮੀ ਆਉਣ ਲੱਗੀ। ਸਿੰਘਾਂ ਦੇ ਸਬਰ ਦੀ ਪਰਖ ਦਾ ਸਮਾਂ ਸੀ, ਪਰ ਗੁਰੂ ਦੀ ਓਟ ‘ਚ ਸਿੱਖ ਰੱਤੀ ਭਰ ਵੀ ਡੋਲੇ ਨਹੀਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਫ਼ਰ-ਏ-ਸ਼ਹਾਦਤ ਕੱਲ੍ਹ ਦੇਰ ਰਾਤ ਤੋਂ ਸ਼ੁਰੂ ਹੋ ਗਿਆ ਹੈ। ਦਾ ਸਫ਼ਰ-ਏ-ਸ਼ਹਾਦਤ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਦੀ ਸੀਮਾ ਤੋਂ ਸ਼ੁਰੂ ਹੋ ਕੇ ਸਰਸਾ ਕੰਡੇ ਦੀ ਜੰਗ ਵਿੱਚ ਪਰਿਵਾਰ ਛੱਡ ਕੇ, ਚਮਕੌਰ ਗੜ੍ਹੀ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਹੋਈ। ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚ ਕੇ 1 ਦਿਨ ਪਹਿਲਾਂ ਕਾਂਗੜ ਵਿਖੇ ਜਫਰਨਾਮਾ ਸਮਾਪਤ ਹੁੰਦਾ ਹੈ।
ਰੂਪਨਗਰ ਜ਼ਿਲ੍ਹੇ ਦੇ ਪਿੰਡ ਸਰਸਾ ਨੰਗਲ ਵਿੱਚ ਸਿਰਸਾ ਨਦੀ ਦੇ ਕਿਨਾਰੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਸਾਲਾਨਾ ਸਫ਼ਰ-ਏ ਸ਼ਹਾਦਤ ਸਮਾਗਮ ਕੱਲ੍ਹ ਦੇਰ ਰਾਤ ਸ਼ੁਰੂ ਹੋ ਗਿਆ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਹੋਈ।
ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਦੱਸਿਆ ਕਿ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਮਗਰੋਂ ਅੱਜ ਸਵੇਰੇ 6 ਵਜੇ ਤਿੰਨ ਪੈਦਲ ਤੇ ਘੋੜ ਸਵਾਰ ਮਾਰਚ ਰਵਾਨਾ ਹੋਏ। ਇਹ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਾਜਰੀ ਗੁੱਜਰਾਂ ਰਾਹੀਂ ਕੋਟ ਬਾਲਾ ਪਿੰਡ ਤੱਕ ਇਕੱਠੇ ਗਏ। ਇਸ ਤੋਂ ਬਾਅਦ ਕੋਟ ਬਾਲਾ ਪਿੰਡ ਪੁੱਜ ਕੇ ਵੱਡੇ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਘੋੜ ਸਵਾਰ ਮਾਰਚ ਸਿਰਸਾ ਨਦੀ ਪਾਰ ਕਰਨ ਉਪਰੰਤ ਥਰਮਲ ਪਲਾਂਟ ਤੋਂ ਹੁੰਦਾ ਹੋਇਆ ਭਾਖੜਾ ਨਹਿਰ ਦੀ ਪਟੜੀ ਰਾਹੀਂ ਮਲਿਕਪੁਰ ਅਤੇ ਕੋਟਲਾ ਨਿਹੰਗ ਪੁੱਜੇਗਾ, ਜਿਸ ਉਤੋਂ ਬਾਅਦ ਗੰਧੋਂ, ਰਾਜੇਮਾਜਰਾ, ਬ੍ਰਾਹਮਣਮਾਜਰਾ, ਬੂਰ ਮਾਜਰਾ, ਦੁੱਗਰੀ, ਕੋਟਲੀ, ਡਹਿਰ, ਮੁੰਡੀਆਂ, ਸੱਲੋਮਾਜਰਾ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਪੁੱਜੇਗਾ।
ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਪੈਦਲ ਮਾਰਚ, ਜਿਸ ਵਿੱਚ ਸਿਰਫ਼ ਬੀਬੀਆਂ ਹੀ ਸ਼ਾਮਲ ਹੋਣਗੀਆਂ, ਕੋਟ ਬਾਲਾ ਤੋਂ ਸਿਰਸਾ ਨਦੀ ਪਾਰ ਕਰਕੇ ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਨਹਿਰ ਦੇ ਨਾਲ-ਨਾਲ ਜਾ ਕੇ ਰਣਜੀਤਪੁਰਾ ਦਾ ਪੁਲ ਪਾਰ ਕਰਨ ਉਪਰੰਤ ਦਬੁਰਜੀ, ਗੁੰਨੋਮਾਜਰਾ, ਲੌਦੀਮਾਜਰਾ, ਆਲਮਪੁਰ ਕਟਲੀ ਹੁੰਦਾ ਹੋਇਆ ਰੂਪਨਗਰ ਪੁੱਜੇਗਾ।
ਤੀਜਾ ਮਾਰਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੱਢਿਆ ਜਾਣ ਹੈ ਜੋ ਪਹਿਲਾਂ ਦੀ ਤਰ੍ਹਾਂ ਹੀ ਕੋਟ ਬਾਲਾ ਤੋਂ ਆਸ ਪੁਰ ਪਿੰਡ ਰਾਹੀਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਕੇ ਰਣਜੀਤਪੁਰਾ ਫੰਦਾ ਤੇ ਫਿਰ ਕੁੱਮਾਂ ਮਾਸ਼ਕੀ ਪੁੱਜ ਕੇ ਸਮਾਪਤ ਹੋਵੇਗਾ। ਸਫ਼ਰ-ਏ ਸ਼ਹਾਦਤ ਮਾਰਗ ਲਈ ਉਹੀ ਪੁਰਾਣੇ ਤੇ ਉਬੜ-ਖਾਬੜ ਰਸਤਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਰਸਤਿਆਂ ਰਾਹੀ ਗੁਰੂ ਜੀ ਗਏ ਸਨ।