Khetibadi Punjab

20ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ

ਖਨੌਰੀ ਬਾਰਡਰ : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਹਰਿਆਣਾ ਦੀ ਸਰਹੱਦ ’ਤੇ ਡਟੇ ਹੋਏ ਹਨ। ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠੇ 19 ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 20ਵਾਂ ਦਿਨ ਹੈ। ਅਜਿਹੇ ‘ਚ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ।

ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਹੀ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਇੱਕ ਚੁੱਪ ਹਮਲਾ ਹੋ ਸਕਦਾ ਹੈ. ਇਸੇ ਤਰ੍ਹਾਂ ਕਿਡਨੀ ਫੇਲ੍ਹ ਹੋ ਸਕਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਬਹੁਤ ਜ਼ਰੂਰੀ ਹੈ।

ਮੇਰੀ ਜ਼ਿੰਦਗੀ ਤੋਂ ਜ਼ਿਆਦਾ ਕਿਸਾਨਾਂ ਦੀ ਜ਼ਿੰਦਗੀ ਕੀਮਤੀ”

ਦੱਸ ਦਈਏ ਕਿ ਲੰਘੇ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਜ਼ਿੰਦਗੀਆਂ ਉਨ੍ਹਾਂ ਦੀ ਜਾਨ ਨਾਲੋਂ ਵੱਧ ਕੀਮਤੀ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਡੱਲੇਵਾਲ ਨੇ ਅਪਣੀ ਸਿਹਤ ’ਤੇ ਚਿੰਤਾ ਜ਼ਾਹਰ ਕਰਨ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਕੀਮਤੀ ਹੈ। ਪਰ ਮੇਰਾ ਮੰਨਣਾ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਜ਼ਿੰਦਗੀ ਮੇਰੀ ਜਾਨ ਨਾਲੋਂ ਜ਼ਿਆਦਾ ਕੀਮਤੀ ਹੈ।’’

ਉਨ੍ਹਾਂ ਨੇ ਕਿਹਾ ਸੀ ਕਿ ਡੱਲੇਵਾਲ ਦੀ ਜ਼ਿੰਦਗੀ ਉਨ੍ਹਾਂ ਕਿਸਾਨਾਂ ਨਾਲੋ ਜ਼ਿਆਦੀ ਜਰੂਰੀ ਨਹੀਂ ਜੋ 7 ਲੱਖ ਦੇ ਕਰੀਬ ਖੁਦਕੁਸ਼ੀ ਕਰ ਚੁੱਕਿਆ ਹੈ। ਉਨਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਸਰਕਾਰ ’ਤੇ ਦਬਾਅ ਪਾਇਆ ਜਾਏ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਸਕੇ ਅਤੇ ਘੱਟੋ-ਘੱਟ ਡਾ ਸਵਾਮੀਨਾਥਨ ਦੀ ਸਿਫ਼ਾਰਸ਼ਾਂ ਦੇ ਮੁਤਾਬਕ MSP ਦਾ ਕਾਨੂੰਨ ਹੋਵੇ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ ਦਾ ਗਲਤ ਮਤਲਬ ਨਾ ਕੱਢੇ। ਉਨ੍ਹਾਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਚ ਨਰਾਜ਼ਗੀ ਬਹੁਤ ਜ਼ਿਆਦਾ ਹੈ, ਕੋਈ ਗਲਤੀ ਅਜਿਹੀ ਨਾ ਕਰਿਓ ਕਿ ਕਿਸਾਨ ਬਰਦਾਸ਼ਤ ਨਾ ਕਰ ਸਕਣ, ਜੇ ਕੁਝ ਹੋਇਆ ਤਾਂ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੁਝ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਮੋਦੀ ਸਰਕਾਰ ਹੋਵੇਗੀ।