ਪੰਜਾਬ-ਹਰਿਆਣਾ ਸਰਹੱਦ ‘ਤੇ ਪਿਛਲੇ 9 ਮਹੀਨਿਆਂ ਤੋਂ ਡਟੇ ਹੋਏ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਸ਼ੁਰੂ ਹੋ ਗਿਆ ਹੈ। 101 ਕਿਸਾਨਾਂ ਦੇ ਤੀਜੇ ਜਥਾ ਪੈਦਲ ਅੰਬਾਲਾ ਵੱਲ ਵੱਧ ਚੁੱਕਿਆ ਹੈ।ਕਿਸਾਨਾਂ ਦੀ ਹਰਿਆਣਾ ਪੁਲਿਸ ਦੇ ਨਾਲ ਦਿੱਲੀ ਜਾਣ ਨੂੰ ਲੈ ਕੇ ਬਹਿਸ ਹੋ ਰਹੀ ਹੈ। ਕਿਸਾਨ ਲਗਾਤਾਰ ਦਿੱਲੀ ਜਾਣ ਲਈ ਕਹਿ ਰਹੇ ਹਨ।
ਹਰਿਆਣਾ ਪੁਲਿਸ ਦੇ ਅਧਿਕਾਰੀ ਦਿੱਲੀ ਲਈ ਰਵਾਨਾ ਹੋਏ ਕਿਸਾਨਾਂ ਨੂੰ ਕੁਝ ਸਮਝਾਉਣ ਵਿੱਚ ਲੱਗੇ ਹੋਏ ਹਨ। ਕਿਸਾਨਾਂ ਨੂੰ ਪੁਲੀਸ ਸ਼ੈੱਡ ’ਤੇ ਚੜ੍ਹਨ ਤੋਂ ਰੋਕਣ ਲਈ ਸ਼ੈੱਡ ਦੇ ਉਪਰ ਜਲ ਤੋਪਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਕਿਸਾਨ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ 18 ਦਸੰਬਰ ਤੱਕ ਇਤਜ਼ਾਰ ਕਰਨ ਲਈ ਕਿਹਾ ਹੈ।
ਦਿੱਲੀ ਜਾਣਾ ਹੈ ਤਾਂ ਪਰਮਿਸ਼ਨ ਲੈ ਕੇ ਆਓ- ਹਰਿਆਣਾ ਪੁਲਿਸ
ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਦਿੱਲੀ ਜਾਣਾ ਹੈ ਤਾਂ ਪਰਮਿਸ਼ਨ ਲੈ ਕੇ ਆਓ। ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਲਈ ਪੁਲ ‘ਤੇ ਬੈਰੀਕੇਡ ਲਗਾ ਦਿੱਤੇ ਹਨ। ਇੱਥੇ ਇੱਕ ਸ਼ੈੱਡ ਵੀ ਬਣਾਇਆ ਗਿਆ ਹੈ। ਹੁਣ ਸ਼ੈੱਡ ਦੀ ਛੱਤ ‘ਤੇ ਲੋਹੇ ਦੇ ਐਂਗਲ ਦੀ ਵਰਤੋਂ ਕਰਕੇ ਜਾਲ ਵਿਛਾ ਦਿੱਤੀ ਗਈ ਹੈ, ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ।
ਕਿਸਾਨ ਅੰਦੋਲਨ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰ ਦੇ ਕਿਸਾਨ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨ ਆਗੂ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਮੰਗਾਂ ਜਲਦੀ ਪੂਰੀਆਂ ਕਰੇ। ਅਸੀਂ ਲੜਨ ਨਹੀਂ ਆਏ।