Punjab

ਮੂਸੇਵਾਲਾ ਦੀ ‘THAR’ ਕਾਤਲਾਂ ਦਾ ਅਦਾਲਤ ‘ਚ ਕਰੇਗੀ ਹਿਸਾਬ ! ਕਰੋਲਾ ਤੇ ਬੋਲੈਰੋ ਦੀ ਵੀ ਪੇਸ਼ੀ !

ਬਿਉੁਰੋ ਰਿਪੋਰਟ – ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ (Sidhu Moosawala Murder case) ਵਿੱਚ ਮਾਨਸਾ ਦੀ ਸੈਸ਼ਨ ਅਦਾਲਤ (Mansa Session Court) ਵਿੱਚ ਸ਼ੁੱਕਵਾਰ ਨੂੰ ਅਹਿਮ ਸੁਣਵਾਈ ਹੋਈ ਹੈ । ਇਸ ਦੌਰਾਨ ਉਹ ਥਾਰ ਗੱਡੀ (Thar) ਪੇਸ਼ ਕੀਤੀ ਗਈ ਹੈ ਜਿਸ ‘ਤੇ ਸਵਾਰ ਹੋ ਕੇ ਆਖਿਰੀ ਵਾਰ ਮਰਹੂਮ ਮੂਸੇਵਾਲਾ ਜਾ ਰਿਹਾ ਸੀ । ਇਸੇ ਗੱਡੀ ‘ਤੇ ਗੋਲੀਆਂ ਦੇ ਨਿਸ਼ਾਨ ਹੁਣ ਵੀ ਮੌਜੂਦ ਹਨ । ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਪਿਛਲੇ ਹੁਕਮਾਂ ਦੌਰਾਨ ਅਦਾਲਤ ਵਿੱਚ ਥਾਰ ਗੱਡੀ ਨੂੰ ਪੇਸ਼ ਕਰਕੇ ਗਵਾਹਾਂ ਤੋਂ ਇਸ ਦੀ ਸ਼ਨਾਖਤ ਕਰਵਾਉਣ ਲਈ ਕਿਹਾ ਸੀ ਇਸੇ ਲਈ ਸ਼ੁੱਕਰਵਾਰ ਨੂੰ ਮੂਸੇਵਾਲਾ ਦੀ ਥਾਰ ਨੂੰ ਮਾਨਸਾ ਪੇਸ਼ ਕੀਤਾ ਗਿਆ ।

ਮਾਨਸਾ ਅਦਾਲਤ ਵਿੱਚ ਕਰੋਲਾ ਅਤੇ ਬੋਲੈਰੋ ਗੱਡੀ ਵੀ ਪੇਸ਼ ਕੀਤੀ ਗਈ ਹੈ ਜਿਸ ਵਿੱਚ ਸਵਾਰ ਹੋ ਕੇ ਕਾਤਲ ਆਏ ਸਨ । ਇਸ ਤੋਂ ਇਲਾਵਾ AK-47 ਨੂੰ ਵੀ ਪੇਸ਼ ਕੀਤਾ ਜਾਣਾ ਹੈ ਜਿਸ ਦੇ ਨਾਲ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ।

ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਕੁਝ ਗੈਂਗਸਟਰਾਂ ਨੂੰ ਪੇਸ਼ ਗਿਆ ਹੈ,ਇਸ ਤੋਂ ਇਲਾਵਾ ਮਰਹੂਮ ਸਿੱਧੂ ਮੂਸੇਵਾਲਾ ਦੇ 2 ਦੋਸਤ ਗੁਰਪ੍ਰੀਤ ਅਤੇ ਗੁਰਵਿੰਦਰ ਸਿੰਘ ਨੂੰ ਵੀ ਪੇਸ਼ ਹੋਣਾ ਹੈ ਜੋ ਹਮਲੇ ਵੇਲੇ ਸਿੱਧੂ ਮੂਸੇਵਾਲ ਦੇ ਨਾਲ ਮੌਜੂਦ ਸਨ ।

29 ਮਈ 2022 ਨੂੰ ਜਦੋਂ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਨਾਲ ਬਿਨਾਂ ਸੁਰੱਖਿਆ ਦੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਘੇਰਾ ਪਾਕੇ ਗੋਲੀਆਂ ਮਾਰ ਦਿੱਤੀਆਂ ਗਈਆਂ । ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਅਤੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ ।