India Punjab

ਜਥੇਦਾਰ ਰਘਬੀਰ ਸਿੰਘ ਦੀ ਡੱਲੇਵਾਲ ਨੂੰ ਵੱਡੀ ਅਪੀਲ ! ਸਿੱਖ ਪਰੰਪਰਾ ਦਾ ਹਵਾਲਾ ਦਿੱਤਾ,ਕੇਂਦਰ ਨੂੰ ਵੀ ਸੁਣਾਈਆਂ ਖਰੀਆਂ-ਖਰੀਆਂ

ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ (Sri Akal Takhat) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Jathedar Raghubir Singh) ਨੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjeet Singh Dhallawal) ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕਰਦੇ ਹੋਏ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਲਗਾਇਆ ਹੈ । ਸਿਰਫ਼ ਇੰਨਾਂ ਹੀ ਨਹੀਂ ਜਥੇਦਾਰ ਸਾਹਿਬ ਨੇ ਕਿਸਾਨੀ ਮੰਗਾਂ ਨੂੰ ਜਾਇਜ਼ ਦੱਸਿਆ ਹੈ ਅਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਦੇ ਨਾਲ ਖੜੇ ਹੋਣ ਹੀ ਅਪੀਲ ਕੀਤੀ ਹੈ ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੇਸ਼ੱਕ ਮਰਨ ਵਰਤ ਅਤੇ ਭੁੱਖ ਹੜਤਾਲ ਸਿੱਖ ਪਰੰਪਰਾ ਵਿਚ ਕੋਈ ਸੰਕਲਪ ਨਹੀਂ ਹੈ । ਪਰ ਇਕ ਜਮਹੂਰੀਅਤ ਸਰਕਾਰ ਲਈ ਇਹ ਬੇਹੱਦ ਸ਼ਰਮਨਾਕ ਹੈ ਕਿ ਕਿਸੇ ਲੋਕਤੰਤਰ ਵਿਚ ਅੰਨਦਾਤਾ ਨੂੰ ਆਪਣੇ ਹੱਕ ਲੈਣ ਲਈ ਅੰਨ ਛੱਡਣ ਲਈ ਮਜਬੂਰ ਹੋਣਾ ਪਵੇ।

ਜਥੇਦਾਰ ਸਾਹਿਬ ਨੇ ਕਿਹਾ 2020 ਵਿਚ ਕਿਸਾਨੀ ਮਾਰੂ ਤਿੰਨ ਖੇਤੀ ਬਿਲ ਰੱਦ ਕਰਵਾਉਣ ਲਈ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਸਮਾਪਤ ਕਰਵਾਉਣ ਵੇਲੇ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇਣ ਦੇ ਵਾਅਦੇ ਕੀਤੇ ਸਨ । ਪਰ 4 ਸਾਲ ਬੀਤ ਜਾਣ ‘ਤੇ ਵੀ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਬਲਕਿ ਬੜੀ ਢੀਠਤਾ ਦੇ ਨਾਲ ਦੇਸ਼ ਦੇ ਅੰਨਦਾਤਾ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਰੀਆਂ ਫਸਲਾਂ ‘ਤੇ MSP ਸਮੇਤ ਬਾਕੀ ਕਿਸਾਨੀ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਆਖਿਆ ਕਿ ਪੰਜਾਬ ਦੀਆਂ ਸਿਆਸੀ ਪਾਰਟੀ ਨੂੰ ਡੱਟ ਕੇ ਕਿਸਾਨਾਂ ਦੀ ਪਿੱਠ ‘ਤੇ ਖੜ੍ਹੇ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਹੈ।