ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ 3 ਦਿਨਾਂ ਤੋਂ ਬੋਰਵੈੱਲ ਵਿੱਚ ਫਸੇ 5 ਸਾਲ ਦੇ ਮਾਸੂਮ ਆਰੀਅਨ ਦੀ ਮੌਤ ਹੋ ਗਈ ਹੈ। ਆਰੀਅਨ ਨੂੰ ਬੁੱਧਵਾਰ ਰਾਤ 11:45 ‘ਤੇ ਕਰੀਬ 57 ਘੰਟੇ ਬਾਅਦ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ। ਰਾਜਸਥਾਨ ਦੇ ਦੌਸਾ ਜ਼ਿਲੇ ਦੇ ਪਿੰਡ ਕਾਲੀਖੜ ‘ਚ ਬੋਲਵੇਲ ‘ਚ ਡਿੱਗੇ ਬੱਚੇ ਨੂੰ ਬਚਾਉਣ ਦਾ ਕੰਮ ਬੁੱਧਵਾਰ ਦੇਰ ਰਾਤ ਤੱਕ ਜਾਰੀ ਸੀ। ਰਾਤ 11:45 ‘ਤੇ ਕਰੀਬ 57 ਘੰਟੇ ਬਾਅਦ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ ਪਰ ਹਸਪਤਾਲ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੌਸਾ ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ (ਸੀਐਮਓ) ਡਾਕਟਰ ਦੀਪਕ ਸ਼ਰਮਾ ਨੇ ਦੱਸਿਆ ਕਿ ਦੋ ਵਾਰ ਈਸੀਜੀ ਕਰਨ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।
ਦੀਪਕ ਸ਼ਰਮਾ ਨੇ ਕਿਹਾ, “ਬੱਚੇ ਨੂੰ ਇੱਥੇ (ਹਸਪਤਾਲ) ਲਿਆਂਦਾ ਗਿਆ ਸੀ ਤਾਂ ਜੋ ਜੇਕਰ ਉਸ ਦੇ ਬਚਣ ਦੀ ਕੋਈ ਸੰਭਾਵਨਾ ਹੋਵੇ ਤਾਂ ਅਸੀਂ ਉਸ ਦਾ ਹੋਰ ਇਲਾਜ ਕਰ ਸਕੀਏ ਪਰ ਜਦੋਂ ਅਸੀਂ ਈਸੀਜੀ ਕੀਤੀ ਤਾਂ ਉਸ ਵਿੱਚ ਕੋਈ ਜਾਨ ਨਹੀਂ ਬਚੀ। ਅਸੀਂ ਦੋ ਵਾਰ ਈਸੀਜੀ ਕੀਤੀ ਜਿਸ ਤੋਂ ਬਾਅਦ ਅਸੀਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।”
ਦੱਸਣਯੋਗ ਹੈ ਕਿ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਆਰੀਅਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬੋਰਵੈੱਲ ਤੋਂ ਕੁਝ ਦੂਰੀ ‘ਤੇ ਪਾਈਲਿੰਗ ਮਸ਼ੀਨ ਦੀ ਵਰਤੋਂ ਕਰਕੇ ਨਵਾਂ ਟੋਆ ਪੁੱਟਿਆ ਗਿਆ ਸੀ। ਐਨਡੀਆਰਐਫ ਦੇ ਜਵਾਨਾਂ ਨੂੰ ਪੀਪੀ ਕਿੱਟਾਂ ਪਾ ਕੇ 150 ਫੁੱਟ ਹੇਠਾਂ ਉਤਾਰਿਆ।
ਜਵਾਨਾਂ ਨੇ ਆਰੀਅਨ ਤੱਕ ਪਹੁੰਚਣ ਲਈ ਟੋਏ ਤੋਂ ਬੋਰਵੈੱਲ ਤੱਕ ਇੱਕ ਸੁਰੰਗ ਬਣਾਈ। ਪਾਈਲਿੰਗ ਮਸ਼ੀਨ ਨਾਲ ਖੁਦਾਈ ਕਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਪੂਰੀ ਸਾਵਧਾਨੀ ਦੇ ਨਾਲ ਜਵਾਨਾਂ ਨੂੰ ਹੇਠਾਂ ਉਤਾਰਿਆ ਗਿਆ ਸੀ।