ਅੱਜ ਸੁਖਦੇਵ ਸਿੰਘ ਢੀਂਡਸਾ ਸ੍ਰੀ ਅਕਾਲ ਤਖ਼ਤ ਵੱਲੋਂ ਲਗਾਈ ਧਾਰਮਿਕ ਸਜ਼ਾ ਪੂਰੀ ਕਰਨ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਦੁਆਰ ਤੇ ਮੁੱਖ ਸੇਵਾਦਾਰ ਵਜੋਂ ਡਿਊਟੀ ਨਿਭਾਈ। ਉਸ ਤੋਂ ਬਾਅਦ ਉਨ੍ਹਾਂ ਨੇ ਕੀਰਤਨ ਸਰਵਣ ਕੀਤਾ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਅਤੇ ਉਪਰੰਤ ਜੂਠੇ ਬਰਤਨਾਂ ਦੀ ਸੇਵਾ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਜੰਮੇ ਅਕਾਲੀ ਹਾਂ ਤੇ ਅਕਾਲੀ ਰਹਾਂਗੇ। ਅਕਾਲੀ ਦਲ ਦੇ ਸਿਆਸੀ ਭਵਿੱਖ ਤੇ ਬੋਲਦੇ ਹੋਏ ਢੀਂਡਸਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਇਕੱਠਾ ਹੁੰਦਾ ਹੈ ਤਾਂ ਅਕਾਲੀ ਦਲ ਦਾ ਭਵਿੱਖ ਹੈ। ਸੁਖਬੀਰ ਬਾਦਲ ਉਤੇ ਹੋਏ ਹਮਲੇ ਸਬੰਧੀ ਬੋਲਦੇ ਹੋਏ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਜਗ੍ਹਾ ਉਤੇ ਗੋਲੀ ਚੱਲਣਾ ਬਹੁਤ ਹੀ ਦੁਖਦਾਇਕ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਸੁਖਬੀਰ ਬਾਦਲ ਨੂੰ ਦੁਬਾਰਾ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਕਿ ਉਹ ਇਸ ਨੂੰ ਸਵੀਕਾਰ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਿਉਂ ਨਹੀਂ ਜੇਕਰ ਚੁਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧੰਨਵਾਦੀ ਹਨ ਕਿ ਉਹ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਵੇ।