India International

ਭਾਰਤ ਨੇ ਸੀਰੀਆ ਨੂੰ ਲੈ ਕੇ ਜਾਰੀ ਕੀਤੀ ਐਡਵਾਈਜ਼ਰੀ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ- ਸੀਰੀਆ ਜਾਣ ਤੋਂ ਬਚੋ

ਸੀਰੀਆ ਵਿੱਚ ਵਿਦਰੋਹੀ ਸਮੂਹਾਂ ਦੇ ਦੇਸ਼ ਦੀ ਰਾਜਧਾਨੀ ਦਮਿਸ਼ਕ ਵੱਲ ਵਧਣ ਦੀਆਂ ਖ਼ਬਰਾਂ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਸਥਿਤੀ ਦੇ ਮੱਦੇਨਜ਼ਰ ਇੱਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ਵਿੱਚ ਭਾਰਤੀ ਨਾਗਰਿਕਾਂ ਨੂੰ ਸੀਰੀਆ ਜਾਣ ਤੋਂ ਬਚਣ ਲਈ ਕਿਹਾ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੀਰੀਆ ‘ਚ ਰਹਿ ਰਹੇ ਭਾਰਤੀਆਂ ਨੂੰ ਦਮਿਸ਼ਕ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ‘ਚ ਰਹਿਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ (+963 993385973) ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਨਾਗਰਿਕ ਫੋਨ ਨੰਬਰ ਅਤੇ ਵਟਸਐਪ ਰਾਹੀਂ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਮੰਤਰਾਲੇ ਨੇ ਈਮੇਲ ਆਈਡੀ hoc.damascus@mea.gov.in ਵੀ ਜਾਰੀ ਕੀਤੀ ਹੈ।

ਜਿਹੜੇ ਲੋਕ ਸੀਰੀਆ ਛੱਡ ਸਕਦੇ ਹਨ, ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ “ਉਨ੍ਹਾਂ ਨੂੰ ਚੱਲ ਰਹੀਆਂ ਉਡਾਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ।” ਵਿਦੇਸ਼ ਮੰਤਰਾਲੇ ਨੇ ਸੀਰੀਆ ‘ਚ ਰਹਿ ਰਹੇ ਭਾਰਤੀਆਂ ਨੂੰ ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

ਦਰਅਸਲ ਸੀਰੀਆ ‘ਚ ਬਾਗੀ ਸਮੂਹ ਹਯਾਤ ਤਹਿਰੀਰ ਅਲ ਸ਼ਾਮ (ਐੱਚ.ਟੀ.ਐੱਸ.) ਨੇ ਅਲੱਪਾ ਸ਼ਹਿਰ ਤੋਂ ਬਾਅਦ ਸ਼ੁੱਕਰਵਾਰ ਨੂੰ ਹਾਮਾ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਐਚਟੀਐਸ ਲੜਾਕੇ ਹੋਮਸ ਸ਼ਹਿਰ ਵੱਲ ਵਧੇ। ਉਨ੍ਹਾਂ ਨੇ ਹੋਮਸ ਦੇ ਕੁਝ ਇਲਾਕਿਆਂ ‘ਤੇ ਵੀ ਕਬਜ਼ਾ ਕਰ ਲਿਆ ਹੈ।

ਇਸ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ ਉਹ ਰਾਜਧਾਨੀ ਦਮਿਸ਼ਕ ਵੱਲ ਵਧ ਸਕਦੇ ਹਨ। ਸੀਰੀਆਈ ਫੌਜ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਫੌਜ ਨੂੰ ਰੂਸੀ ਫੌਜ ਦਾ ਵੀ ਸਮਰਥਨ ਹਾਸਲ ਹੈ। ਬਾਗੀ ਨੇਤਾ ਅਬੂ ਮੁਹੰਮਦ ਅਲ-ਜੋਲਾਨੀ ਨੇ ਕਿਹਾ ਕਿ ਸਾਡਾ ਉਦੇਸ਼ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਦਾ ਤਖਤਾ ਪਲਟਣਾ ਹੈ।