India Punjab

ਪੰਜਾਬ ‘ਚ ਇਸ ਦਿਨ ਤੇਜ਼ ਮੀਂਹ ! ਫਿਰ ਕੱਢੇਗੀ ਠੰਡ ਵੱਟ ! 4 ਡਿਗਰੀ ਤਾਪਮਾਨ ਡਿੱਗਿਆ

ਬਿਉਰੋ ਰਿਪੋਰਟ – ਪੰਜਾਬ-ਚੰਡੀਗੜ੍ਹ ਦੇ ਮੌਸਮ (Punjab Weather) ਨੂੰ ਲੈ ਕੇ ਮੌਸਸ ਵਿਭਾਗ ਨੇ ਵੱਡੀ ਭਵਿੱਖਬਾਣੀ ਕੀਤੀ ਹੈ । 8 ਦਸੰਬਰ ਨੂੰ ਪੱਛਮੀ ਗੜਬੜੀ ਮੁੜ ਤੋਂ ਐਕਟਿਵ (Western Disturbance) ਹੋ ਸਕਦੀ ਹੈ । ਜਿਸ ਦੇ ਵਜ੍ਹਾ ਕਰਕੇ ਪਹਾੜਾ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ (Rain) ਪੈਣ ਦੇ ਅਸਾਰ ਹਨ । ਜੇਕਰ ਅਜਿਹਾ ਹੁੰਦਾ ਹੈ ਤਾਂ ਪੂਰੇ ਉੱਤਰ ਭਾਰਤ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲੇਗਾ,ਦਸੰਬਰ ਆਉਣ ਦੇ ਬਾਵਜੂਦ ਲੋਕ ਜਿਹੜੀ ਠੰਡ ਮਹਿਸੂਸ ਨਹੀਂ ਕਰ ਪਾ ਰਹੇ ਸਨ ਇੱਕ ਦਮ ਤਾਪਮਾਨ ਹੇਠਾਂ ਆਵੇਗਾ ਅਤੇ ਕੜਾਕੇ ਦੀ ਠੰਡ ਸ਼ੁਰੂ ਹੋ ਜਾਵੇਗੀ ।

ਪੰਜਾਬ ਵਿੱਚ ਠੰਡ ਦੀ ਰਫਤਾਰ ਦੇ ਪਿਛਲੇ 2 ਦਿਨਾਂ ਵਿੱਚ ਤੇਜ਼ ਹੋ ਗਈ ਹੈ । 2 ਦਿਨਾਂ ਦੇ ਅੰਦਰ ਸਵੇਰ ਦਾ ਤਾਪਮਾਨ 4 ਡਿਗਰੀ ਹੇਠਾਂ ਆਇਆ ਹੈ । ਬੀਤੇ ਦਿਨੀਂ 3.2 ਡਿਗਰੀ ਤਾਪਮਾਨ ਘਟਿਆ ਸੀ ਤਾਂ ਅੱਜ 0.8 ਡਿਗਰੀ ਹੇਠਾਂ ਆਇਆ ਹੈ । ਫਰੀਦਕੋਟ ਵਿੱਚ ਸ਼ੁੱਕਰਵਾਰ ਨੂੰ ਸਭ ਤੋਂ ਘੱਟ 4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ । ਦੂਜੇ ਨੰਬਰ ‘ਤੇ 4 ਡਿਗਰੀ ਨਾਲ ਰੋਪੜ ਰਿਹਾ,ਪਠਾਨਕੋਟ 5 ਡਿਗਰੀ ਨਾਲ ਤੀਜੇ ਨੰਬਰ ‘ਤੇ ਹੈ । ਅੰਮ੍ਰਿਤਸਰ,ਲੁਧਿਆਣਾ,ਪਟਿਆਲਾ ਵਿੱਚ ਤੇਜੀ ਨਾਲ ਤਾਪਮਾਨ ਘੱਟ ਹੋਇਆ 6 ਤੋਂ 7 ਡਿਗਰੀ ਵਿੱਚ ਤਾਪਮਾਨ ਦਰਜ ਕੀਤਾ ਗਿਆ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ 7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਜੋ ਪਿਛਲੇ 24 ਘੰਟੇ ਦੇ ਅੰਦਰ 0.7 ਡਿਗਰੀ ਹੇਠਾਂ ਆਇਆ ਹੈ।

ਪੰਜਾਬ ਵਿੱਚ ਦਿਨ ਦੇ ਤਾਪਮਾਨ ਵਿੱਚ ਵੀ 2 ਦਿਨਾਂ ਦੇ ਅੰਦਰ 3 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ,ਬਠਿੰਡਾ ਵਿੱਚ ਸਭ ਤੋਂ ਵੱਧ 27 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ 23 ਡਿਗਰੀ ਨਾਲ ਸਭ ਤੋਂ ਘੱਟ ਤਾਪਮਾਨ ਵਾਲੇ ਜ਼ਿਲ੍ਹਿਆਂ ਵਿੱਚ ਰਿਹਾ । ਸੂਬੇ ਦੇ ਹੋਰ ਜ਼ਿਲ੍ਹਿਆਂ ਦਾ ਤਾਪਮਾਨ 24 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ ।

ਗੁਆਂਢੀ ਸੂਬੇ ਹਰਿਆਣਾ ਵਿੱਚ 2 ਦਿਨਾਂ ਦੇ ਅੰਦਰ ਸਵੇਰ ਦੇ ਤਾਪਮਾਨ ਵਿੱਚ ਤਕਰੀਬਨ 4 ਡਿਗਰੀ ਦੀ ਕਮੀ ਦਰਜ ਹੋਈ ਹੈ । ਬੀਤੇ ਦਿਨ 3 ਡਿਗਰੀ ਅਤੇ ਅੱਜ 0.5 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ । ਜਿਸ ਤੋਂ ਬਾਅਦ ਹਿਸਾਰ ਵਿੱਚ ਸਭ ਤੋਂ ਘੱਟ 5 ਡਿਗਰੀ ਤਾਪਮਾਨ ਦਰਜ ਕੀਤਾ ਗਿਆ । ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ । ਸਿਰਸਾ ਵਿੱਚ ਸਭ ਤੋਂ ਜ਼ਿਆਦਾ 26 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਜਦਕਿ ਸੂਬੇ ਦੇ ਹੋਰ ਜ਼ਿਲ੍ਹਿਆਂ ਦਾ ਤਾਪਮਾਨ 23 ਤੋਂ 24 ਡਿਗਰੀ ਦੇ ਵਿਚਾਲੇ ਹੈ।

ਉਧਰ ਹਿਮਾਚਲ ਪ੍ਰਦੇਸ਼ ਦੇ ਸਿਰਫ਼ ਉੱਚੇ ਪਹਾੜਾਂ ਵਿੱਚ ਹੀ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਰਹੀ ਹੈ । ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਨਹੀਂ ਪਿਆ ਹੈ । 8 ਦਸੰਬਰ ਤੋਂ ਇੱਥੇ ਵੀ ਪੱਛਮੀ ਗੜਬੜੀ ਐਕਟਿਵ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਤੋਂ ਬਾਅਦ ਤਾਪਮਾਨ ਵਧੇਗਾ ।