ਸ਼ੰਭੂ : ਕਿਸਾਨਾਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਸ਼ੁੱਕਰਵਾਰ (6 ਦਸੰਬਰ) ਨੂੰ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅੱਜ ਪੁਲਿਸ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਮੀਟਿੰਗ ਹੋਈ। ਜਿਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਪਟਿਆਲਾ ਰੇਂਜ ਦੇ DIG ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੇ ਪੈਦਲ ਦਿੱਲੀ ਜਾਣ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਕਿਹਾ ਕਿ ਉਹ ਕੋਈ ਨੁਕਸਾਨ ਨਹੀਂ ਕਰਨਗੇ। DIG ਨੇ ਕਿਹਾ ਕਿ ਅੱਗੇ ਹਰਿਆਣਾ ਪ੍ਰਸ਼ਾਸਨ ਨੇ ਕੀ ਕਰਨਾ ਹੈ, ਉਹ ਦੇਖਣਗੇ ਪਰ ਅਸੀਂ ਆਪਣੇ ਵੱਲੋਂ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ।
ਦੱਸ ਦਈਏ ਕਿ ਪੰਜਾਬ ਦੇ ਕਿਸਾਨ ਸ਼ੰਭੂ ਸਰਹੱਦ ‘ਤੇ ਬੀਤੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਭਲਕੇ ਦਿੱਲੀ ਕੂਚ ਕਰਨਗੇ। ਇਸ ਤੋਂ ਠੀਕ ਪਹਿਲਾਂ ਹਰਿਆਣਾ ਪੁਲਿਸ ਵੱਲੋਂ ਧਾਰਾ 144 ਲਗੇ ਹੋਣ ਨੂੰ ਲੈ ਕੇ ਨੋਟਿਸ ਚਿਪਕਾ ਦਿੱਤੇ ਹਨ। ਬੀਤੇ ਕੱਲ੍ਹ ਅੰਬਾਲਾ ਪੁਲਿਸ ਦੇ ਨਾਲ ਵੀ ਕਿਸਾਨਾਂ ਦੀ ਮੀਟਿੰਗ ਹੋਈ ਸੀ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਅੰਦਲੋਨ ਨੂੰ ਲੈ ਕੇ ਵਾਟਰ ਕੈਨਨ ਅਤੇ ਬਖਤਰ ਬੰਦ ਗੱਡੀਆਂ ਲਗਾ ਦਿੱਤੀਆਂ ਹਨ।