ਬਿਉਰੋ ਰਿਪੋਰਟ: ਚੰਡੀਗੜ੍ਹ ਵਿੱਚ ਦੋ ਕਲੱਬਾਂ ਦੇ ਬਾਹਰ ਬੰਬ ਸੁੱਟਣ ਵਾਲੇ ਮੁਲਜ਼ਮਾਂ ਅਤੇ ਪੁਲਿਸ ਵਿਚਾਲੇ ਸ਼ੁੱਕਰਵਾਰ ਸ਼ਾਮ ਨੂੰ ਹਿਸਾਰ ਵਿੱਚ ਮੁਕਾਬਲਾ ਹੋਣ ਦੀ ਖ਼ਬਰ ਮਿਲੀ ਹੈ। ਜਿਸ ਵਿੱਚ ਦੋਵੇਂ ਮੁਲਜ਼ਮਾਂ ਨੂੰ ਗੋਲੀ ਲੱਗੀ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਨੂੰ ਹਿਸਾਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੈਂਗਸਟਰ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਦੀਆਂ ਹਦਾਇਤਾਂ ’ਤੇ ਕਲੱਬ ਦੇ ਬਾਹਰ ਬੰਬ ਸੁੱਟੇ ਸਨ। ਧਮਾਕੇ ਤੋਂ ਬਾਅਦ ਗੋਲਡੀ ਬਰਾੜ ਨੇ ਵੀ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ।
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੀ ਘਟਨਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ, ਅਪਰੇਸ਼ਨ ਸੈੱਲ ਅਤੇ ਜ਼ਿਲ੍ਹਾ ਕਰਾਈਮ ਸੈੱਲ ਦੀ ਸਾਂਝੀ ਟੀਮ ਬਣਾਈ ਸੀ। ਇਸ ਟੀਮ ਨੇ ਵੀਰਵਾਰ ਨੂੰ ਬੰਬ ਧਮਾਕਿਆਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਸੀ ਅਤੇ ਉਨ੍ਹਾਂ ਦੀ ਭਾਲ ਵਿੱਚ ਹਿਸਾਰ ’ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਸ਼ਾਲ ਪਹਿਨੇ ਮੁਲਜ਼ਮ ਨੇ ਬੰਬ ਸੁੱਟਿਆ ਸੀ।