Punjab

ਟੈਸਟ ਡਰਾਈਵ ਦੇ ਬਹਾਨੇ ਕਾਰ ਲੈ ਕੇ ਭੱਜੇ ਸੀ ਬਦਮਾਸ਼! ਪਟਿਆਲਾ ’ਚ ਪੁਲਿਸ ਨੇ ਕੀਤਾ ਐਨਕਾਊਂਟਰ!

ਬਿਉਰੋ ਰਿਪੋਰਟ: ਪਟਿਆਲਾ ਦੇ ਨਾਭਾ ਵਿੱਚ ਥਾਰ ਵਾਹਨ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਲੁੱਟ-ਖੋਹ ਦੀ ਵਾਰਦਾਤ ਦਾ ਮੁੱਖ ਮੁਲਜ਼ਮ ਪੁਲਿਸ ਦੀ ਗੋਲ਼ੀ ਨਾਲ ਜ਼ਖ਼ਮੀ ਹੋ ਗਿਆ ਹੈ। ਐਸਐਸਪੀ ਡਾ: ਨਾਨਕ ਸਿੰਘ ਐਸਪੀ ਅਤੇ ਐਸਪੀਡੀ ਟੀਮ ਨਾਲ ਪਹੁੰਚੇ। ਇਹ ਮੁਕਾਬਲਾ ਡਕਾਲਾ ਰੋਡ ’ਤੇ ਸੰਗਰੂਰ ਬਾਈਪਾਸ ਇਲਾਕੇ ’ਚ ਹੋਇਆ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਮੁੱਖ ਮੁਲਜ਼ਮ ਖ਼ਿਲਾਫ਼ ਪੁਲਿਸ ਨੇ ਕਰੀਬ 6 ਕੇਸ ਦਰਜ ਹੋਣ ਦਾ ਰਿਕਾਰਡ ਹਾਸਲ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਨਾਭਾ ਦੇ ਰਹਿਣ ਵਾਲੇ ਚਿਰਾਗ ਛਾਬੜਾ (31) ਨੇ ਆਪਣੀ ਜੀਪ ਵੇਚਣ ਲਈ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ। ਜੀਪ ਵੇਚਣ ਦੀ ਪੋਸਟ ਨੂੰ ਦੇਖਦਿਆਂ ਬੀਤੀ ਵੀਰਵਾਰ ਸ਼ਾਮ ਤਿੰਨ ਨੌਜਵਾਨ ਪਲੈਨਿੰਗ ਦੇ ਤਹਿਤ ਉਸਦੇ ਘਰ ਪਹੁੰਚੇ ਅਤੇ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਕਿਹਾ। ਇਸ ਕਾਰਨ ਉਕਤ ਨੌਜਵਾਨ ਵੀ ਮੁਲਜ਼ਮਾਂ ਦੇ ਨਾਲ ਕਾਰ ਵਿੱਚ ਹੀ ਫ਼ਰਾਰ ਹੋ ਗਿਆ।

ਕਾਰ ’ਚ ਬੈਠੇ ਨੌਜਵਾਨ ਨੂੰ ਘਰ ਤੋਂ ਕਰੀਬ 7-8 ਕਿਲੋਮੀਟਰ ਦੂਰ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਬਾਹਰ ਸੁੱਟ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਨਾਭਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਹਸਪਤਾਲ ’ਚ ਦਾਖ਼ਲ ਚਿਰਾਗ ਦੇ ਸਿਰ ’ਤੇ 10 ਟਾਂਕੇ ਲੱਗੇ ਹਨ।

ਪੁਲਿਸ ਨੇ ਕਿਵੇਂ ਫੜਿਆ ਮੁਲਜ਼ਮ

ਅੱਜ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਕਿ ਥਾਰ ਗੱਡੀ ਲੈ ਕੇ ਭੱਜਣ ਵਾਲਾ ਅਪਰਾਧੀ ਬਾਈਪਾਸ ਨੇੜੇ ਹੈ। ਜਿਸ ’ਤੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ, ਜਿਸ ’ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾ ਦਿੱਤੀ। ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ।

ਮੁਲਜ਼ਮ ਦੀ ਪਛਾਣ ਸਰੋਵਰ ਸਿੰਘ ਉਰਫ ਲਵਲੀ ਵਾਸੀ ਨਾਭਾ ਵਜੋਂ ਹੋਈ ਹੈ। ਪੁਲੀਸ ਨੇ ਇਸ ਮੁਲਜ਼ਮ ਕੋਲੋਂ ਨਾਭਾ ਤੋਂ ਲੁੱਟੀ ਗਈ ਥਾਰ ਜੀਪ, ਇੱਕ 32 ਬੋਰ ਦਾ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਅਤੇ ਤਿੰਨ ਖੋਲ ਬਰਾਮਦ ਕੀਤੇ ਹਨ। ਜ਼ਖ਼ਮੀ ਲੁਟੇਰੇ ਖ਼ਿਲਾਫ਼ ਪਟਿਆਲਾ, ਸੰਗਰੂਰ ਅਤੇ ਖੰਨਾ ਵਿੱਚ ਅੱਧੀ ਦਰਜਨ ਦੇ ਕਰੀਬ ਕੇਸ ਦਰਜ ਹਨ।