ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਚ 2 ਸ਼ਖਸ਼ੀਅਤਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਅੱਜ ਕੇਂਦਰੀ ਸਿੰਘ ਅਜਾਇਬ ਘਰ ਵਿਚ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਦਯਾ ਸਿੰਘ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਬਹਾਦਰ ਜਰਨੈਲ ਨਿਧਾਨ ਸਿੰਘ ਪੰਜਹੱਥਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਦੇ ਪ੍ਰਧਾਨ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਥਕ ਖੇਤਰ ਵਿਚ ਸਮੇਂ-ਸਮੇਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾ ਕੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਵੱਲੋਂ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਬਾਬਾ ਬਿਧੀ ਚੰਧ ਸੰਪ੍ਰਦਾ ਦੇ ਮੁਖੀ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਵਿਚ ਵਿਚਰ ਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ ਲੜ ਲਾਇਆ। ਬਾਬਾ ਜੀ ਨੇ ਜੀਵਨ ਭਰ ਜਥੇਬੰਦੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿ ਕੇ ਮਹਾਨ ਸੇਵਾਵਾਂ ਨਿਭਾਈਆਂ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਬਹਾਦਰ ਸਿੱਖ ਜਰਨੈਲ ਸ. ਨਿਧਾਨ ਸਿੰਘ ਪੰਜਹੱਥਾ ਨੇ ਸੰਨ 1823 ਈ: ਵਿਚ ਨੌਸ਼ਹਿਰੇ ਦੀ ਜੰਗ ਵਿਚ ਆਪਣੀ ਵੀਰਤਾ ਦੇ ਜ਼ੌਹਰ ਦਿਖਾਉਂਦੇ ਹੋਏ ਪੰਜ ਦੁਸ਼ਮਣ ਪਠਾਣ ਜਰਨੈਲਾਂ ਨੂੰ ਮਾਰ ਕੇ ਉਨ੍ਹਾਂ ਤੋਂ ਖੋਹੀਆਂ ਪੰਜ ਤਲਵਾਰਾਂ ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ ਕੀਤੀਆਂ ਸਨ, ਜਿਸ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇਨਾਮ ਵਜੋਂ ਬਖ਼ਸ਼ੀ ਪੰਜ ਹਜ਼ਾਰ ਰੁਪਏ ਦੀ ਜਗੀਰ ਤੇ ਪੰਜ ਹੱਥੇ ਦਾ ਖ਼ਿਤਾਬ ਦਿੱਤਾ। ਉਨ੍ਹਾਂ ਕਿਹਾ ਕਿ ਸ. ਨਿਧਾਨ ਸਿੰਘ ਸਿੱਖ ਰਾਜ ਵਿਚ ਬਣੀ ਪੰਜ ਮੈਂਬਰੀ ਕੌਂਸਲ ਦੇ ਮੈਂਬਰ ਬਣੇ ਅਤੇ ਪੇਸ਼ਾਵਰ ਦੀ ਮੁਹਿੰਮ ਵਿਚ ਵੀ ਅਹਿਮ ਯੋਗਦਾਨ ਪਾਉਂਦਿਆਂ ਸਾਰੀ ਉਮਰ ਸਿੱਖ ਰਾਜ ਦੀ ਸੁਰੱਖਿਆ ਤੇ ਸਲਾਮਤੀ ਦੇ ਪਹਿਰੇਦਾਰ ਰਹੇ।
ਇਹ ਵੀ ਪੜ੍ਹੋ – ਅੰਮ੍ਰਿਤਸਰ ਹਵਾਈ ਅੱਡੇ ‘ਤੇ ਫੜਿਆ ਕਰੋੜਾਂ ਦਾ ਸੋਨਾ…