ਬਿਉਰੋ ਰਿਪੋਰਟ: ਫ਼ਤਿਹਗੜ੍ਹ ਸਾਹਿਬ ਦੇ ਮਲਕੀਤ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਖਮਾਣੋਂ ਤਹਿਸੀਲ ਦੇ ਪਿੰਡ ਬੌੜ ਦੇ ਰਹਿਣ ਵਾਲਾ ਮਲਕੀਤ ਸਿੰਘ ਦੁਨੀਆ ਦੇ ਪਹਿਲਾ ਸਾਬਤ-ਸੂਰਤ ਗੁਰਸਿੱਖ ਹਨ ਜਿਨ੍ਹਾਂ ਨੇ ਮਾਊਂਟ ਐਵਰੈਸਟ ਨੂੰ ਫ਼ਤਿਹ ਕਰ ਲਿਆ ਹੈ। ਉਨ੍ਹਾਂ ਦੀ ਇਸ ਕਾਮਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ।
ਜਾਣਕਾਰੀ ਮੁਤਾਬਕ 19 ਮਈ 2024 ਦੀ ਸਵੇਰ ਨੂੰ ਮਲਕੀਤ ਸਿੰਘ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ। ਮਲਕੀਤ ਸਿੰਘ 1998 ਤੋਂ ਨਿਊਜ਼ੀਲੈਂਡ ’ਚ ਵੱਸੇ ਹੋਏ ਹਨ। ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਹਨ। ਉਹ ਦੁਨੀਆ ਦੇ ਪਹਿਲੇ ਸਾਬਤ ਸੂਰਤ ਗੁਰਸਿੱਖ ਹਨ ਜੋ 8,848.86 ਮੀਟਰ ਉੱਚੀ ਮਾਊਂਟ ਐਵਰੈਸਟ ਨੂੰ ਫ਼ਤਿਹ ਕਰਨ ਵਿੱਚ ਕਾਮਯਾਬ ਹੋਏ ਹਨ।
ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਬੌੜ ਆਏ NRI ਮਲਕੀਤ ਸਿੰਘ ਨੇ ਦੱਸਿਆ ਕਿ ਸਾਲ 2022 ’ਚ ਉਸ ਦੇ ਮਨ ’ਚ ਕੇਸਰੀ ਨਿਸ਼ਾਨ ਸਾਹਿਬ ਨੂੰ ਐਵਰੈਸਟ ’ਤੇ ਲਹਿਰਾਉਣ ਦੀ ਇੱਛਾ ਪੈਦਾ ਹੋਈ। 1967 ’ਚ ਇੱਕ ਸਿੱਖ ਫ਼ੌਜੀ ਅਫ਼ਸਰ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗਲੇਸ਼ੀਅਰ ਫਟਣ ਕਾਰਨ ਉਸਦੀ ਮੌਤ ਹੋ ਗਈ ਸੀ।
ਮਲਕੀਤ ਸਿੰਘ ਮੁਤਾਬਕ ਉਹ ਦੋ ਸਾਲਾਂ ਦੀ ਸਖ਼ਤ ਮਿਹਨਤ ਤੇ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਐਵਰੈਸਟ ਚੜ੍ਹਨ ਵਿੱਚ ਸਫ਼ਲ ਹੋਏ। 11 ਮਈ 2024 ਨੂੰ ਉਨ੍ਹਾਂ ਨੇ ਐਵਰੈਸਟ ਦੇ ਬੇਸ ਕੈਂਪ ਤੋਂ ਚੋਟੀ ਤੱਕ ਆਪਣੀ ਯਾਤਰਾ ਸ਼ੁਰੂ ਕੀਤੀ। ਜਦੋਂ ਉਹ ਕੈਂਪ ਤਿੰਨ ਤੋਂ ਕੈਂਪ ਚਾਰ ਲਈ ਰਵਾਨਾ ਹੋਏ ਤਾਂ ਉਹ ਸਰੀਰਕ ਤੌਰ ’ਤੇ ਥੱਕੇ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਾ ਜਿਵੇਂ ਮੇਰੇ ਵਿੱਚ ਅੱਗੇ ਵਧਣ ਦੀ ਤਾਕਤ ਨਹੀਂ ਸੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਵਿਸ਼ਵਾਸ ਨਾਲ ਅੱਗੇ ਵਧਿਆ।
19 ਮਈ ਨੂੰ ਉਹ ਸਵੇਰੇ 7.30 ਵਜੇ ਆਖ਼ਰੀ ਪੜਾਅ ਲਈ ਰਵਾਨਾ ਹੋਏ ਅਤੇ ਸਵੇਰੇ 8.37 ਵਜੇ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ। ਇਸ ਤੋਂ ਬਾਅਦ ਉਹ 21 ਮਈ ਨੂੰ ਸੁਰੱਖਿਅਤ ਬੇਸ ਕੈਂਪ ਪਰਤ ਆਏ।
ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸ਼ਡਿਊਲ ਮੁਤਾਬਕ ਉਨ੍ਹਾਂ ਨੇ 17 ਮਈ ਨੂੰ ਵਾਪਸ ਆਉਣਾ ਸੀ ਪਰ ਖ਼ਰਾਬ ਮੌਸਮ ਕਾਰਨ 5 ਦਿਨ ਦੀ ਦੇਰੀ ਹੋਈ। ਉਹ ਆਪਣੀ ਕਾਮਯਾਬੀ ਦਾ ਸਿਹਰਾ ਪ੍ਰਮਾਤਮਾ ਨੂੰ ਦਿੰਦੇ ਹਨ।