India

ਮਹਾਰਾਸ਼ਟਰ ’ਚ ਮਹਾਯੁਤੀ ਦਾ CM, 2 ਡਿਪਟੀ CM ਦਾ ਫਾਰਮੂਲਾ! ਫੜਨਵੀਸ-ਸ਼ਿੰਦੇ-ਅਜੀਤ ਇਕੱਠੇ ਜਾਣਗੇ ਦਿੱਲੀ

ਬਿਉਰੋ ਰਿਪੋਰਟ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ’ਚ ਮਹਾਗੱਠਜੋੜ ਦੀ ਸਰਕਾਰ ਬਣੇਗੀ। ਮਹਾਯੁਤੀ ਦੇ ਮੁੱਖ ਮੰਤਰੀ ਉਮੀਦਵਾਰ ਦਾ ਅਜੇ ਐਲਾਨ ਨਹੀਂ ਹੋਇਆ ਹੈ। ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ, ਇਸ ਲਈ ਉਸ ਤੋਂ ਪਹਿਲਾਂ ਹੀ ਸਰਕਾਰ ਬਣਾਈ ਜਾਣੀ ਹੈ। ਅਜਿਹਾ ਨਾ ਹੋਣ ’ਤੇ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਸਰਕਾਰ ਦਾ ਚਿਹਰਾ ਯਾਨੀ ਮੁੱਖ ਮੰਤਰੀ ਦੇ ਨਾਂ ਦਾ ਫੈਸਲਾ ਕਰਨ ਲਈ ਐਤਵਾਰ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ। ਭਾਜਪਾ ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਸੂਤਰਾਂ ਮੁਤਾਬਕ 1 ਮੁੱਖ ਮੰਤਰੀ ਅਤੇ 2 ਉਪ ਮੁੱਖ ਮੰਤਰੀ ਦਾ ਫਾਰਮੂਲਾ ਤੈਅ ਹੋ ਗਿਆ ਹੈ। ਮਹਾਯੁਤੀ ਪਾਰਟੀਆਂ ਵਿੱਚ ਹਰ 6-7 ਵਿਧਾਇਕਾਂ ਲਈ ਇੱਕ ਮੰਤਰੀ ਅਹੁਦੇ ਦਾ ਫਾਰਮੂਲਾ ਵੀ ਤੈਅ ਹੋ ਗਿਆ ਹੈ। ਇਸ ਮੁਤਾਬਕ ਭਾਜਪਾ ਦੇ 22-24, ਸ਼ਿੰਦੇ ਗਰੁੱਪ ਦੇ 10-12 ਅਤੇ ਅਜੀਤ ਗਰੁੱਪ ਦੇ 8-10 ਵਿਧਾਇਕ ਮੰਤਰੀ ਬਣ ਸਕਦੇ ਹਨ।

ਮੁੱਖ ਮੰਤਰੀ ਦੇ ਨਾਂ ਦੇ ਐਲਾਨ ਤੋਂ ਬਾਅਦ ਕੱਲ੍ਹ ਮੁੰਬਈ ਦੇ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਸੀਐਮ ਸ਼ਿੰਦੇ ਨੇ ਜਿੱਤ ਤੋਂ ਬਾਅਦ ਕਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਇਹ ਤੈਅ ਨਹੀਂ ਹੋਇਆ ਸੀ ਕਿ ਜਿਸ ਕੋਲ ਜ਼ਿਆਦਾ ਸੀਟਾਂ ਹਨ, ਉਹ ਸੀਐਮ ਬਣੇਗਾ।

ਦੱਸ ਦੇਈਏ ਇਸ ਚੋਣ ਵਿੱਚ ਮੁਕਾਬਲਾ 6 ਵੱਡੀਆਂ ਪਾਰਟੀਆਂ ਦੇ ਦੋ ਗਠਜੋੜਾਂ ਵਿਚਕਾਰ ਸੀ। ਮਹਾਯੁਤੀ ਵਿੱਚ ਭਾਜਪਾ, ਸ਼ਿਵ ਸੈਨਾ (ਏਕਨਾਥ ਸ਼ਿੰਦੇ) ਅਤੇ ਐਨਸੀਪੀ (ਅਜੀਤ ਪਵਾਰ) ਸ਼ਾਮਲ ਹਨ, ਜਦੋਂ ਕਿ ਮਹਾਂ ਵਿਕਾਸ ਅਗਾੜੀ ਵਿੱਚ ਕਾਂਗਰਸ, ਸ਼ਿਵ ਸੈਨਾ (ਊਧਵ ਠਾਕਰੇ) ਅਤੇ ਐਨਸੀਪੀ (ਸ਼ਰਦ ਪਵਾਰ) ਸ਼ਾਮਲ ਹਨ।

149 ਸੀਟਾਂ ’ਤੇ ਚੋਣ ਲੜਨ ਵਾਲੀ ਭਾਜਪਾ ਨੇ ਸਭ ਤੋਂ ਵੱਧ 132 ਸੀਟਾਂ ਜਿੱਤੀਆਂ ਹਨ। ਗਠਜੋੜ ਨੇ 288 ਵਿੱਚੋਂ ਰਿਕਾਰਡ 230 ਸੀਟਾਂ ਜਿੱਤੀਆਂ ਹਨ। ਭਾਜਪਾ ਦੀ ਸਟ੍ਰਾਈਕ ਰੇਟ 88% ਸੀ। ਕਾਂਗਰਸ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ (ਐਮਵੀਏ) ਨੂੰ 46 ਸੀਟਾਂ ਮਿਲੀਆਂ ਹਨ।