Punjab

ਕੁੰਭੜਾ ਕਤਲ-ਕਾਂਡ: ਦੂਜੇ ਨਾਬਾਲਗ ਦਿਲਪ੍ਰੀਤ ਨੇ ਦਮ ਤੋੜਿਆ, PGI ‘ਚ ਇਲਾਜ਼ ਦੌਰਾਨ ਹੋਈ ਮੌਤ

ਮੁਹਾਲੀ ਦੇ ਕੁੰਬੜਾ ਕਤਲ ਕਾਂਡ ਵਿਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਪਰਵਾਸੀ ਨੌਜਵਾਨਾਂ ਦੇ ਵੱਲੋਂ ਕੀਤੇ ਗਏ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਦਿਲਪ੍ਰੀਤ ਦੀ ਵੀ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਜਦੋਂਕਿ ਉਸ ਦੇ ਦੋਸਤ ਦਮਨਪ੍ਰੀਤ ਸਿੰਘ (17) ਦੀ ਘਟਨਾ ਵਾਲੇ ਦਿਨ 13 ਨਵੰਬਰ ਨੂੰ ਹੀ ਮੌਤ ਹੋ ਗਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਪਰਵਾਸੀਆਂਏ ਦੇ ਹਮਲੇ ਦਾ ਸ਼ਿਕਾਰ ਹੋਏ ਦਿਲਪ੍ਰੀਤ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।  ਬਲਵਿੰਦਰ ਸਿੰਘ ਕੁੰਭੜਾ ਨੇ ਸਰਕਾਰ ਤੋਂ ਮ੍ਰਿਤਕਾਂ ਦੇ ਵਾਰਸਾਂ ਨੂੰ 25-25 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪੀੜਤ ਪਰਿਵਾਰਾਂ ਦੇ 1-1 ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਡੀਐੱਸਪੀ ਹਰਸਿਮਰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਚਾਰੋਂ ਫਰਾਰ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿੰਨ੍ਹਾਂ ਵਿੱਚ ਅਮਨ, ਅਰੁਨ ਅਤੇ ਆਕਾਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ‘ਚ ਇਹਨਾਂ ਦੇ ਨਾਲ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਡੀਐੱਸਪੀ ਨੇ ਦੱਸਿਆ ਕਿ ਅਮਨ ਅਤੇ ਅਰੁਣ ਖਿਲਾਫ ਪਹਿਲਾਂ ਵੀ ਮੋਹਾਲੀ ਦੇ ਫੇਜ਼ ਇੱਕ ਥਾਣਾ ਵਿਖੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਕਤਲ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਪਰ ਦੋ ਹਾਲੇ ਫ਼ਰਾਰ ਹਨ। ਸਾਰੇ ਹਮਲਾਵਰ ਕੁੰਭੜਾ ਦੇ ਪੀਜੀ ਵਿੱਚ ਰਹਿੰਦੇ ਸਨ। ਅੱਜ ਜਿਵੇਂ ਹੀ ਦਿਲਪ੍ਰੀਤ ਸਿੰਘ ਦੀ ਮੌਤ ਦਾ ਪਤਾ ਲੱਗਿਆ ਤਾਂ ਪਿੰਡ ਕੁੰਭੜਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਕੁੰਭੜਾ ਦੇ ਐਂਟਰੀ ਪੁਆਇੰਟਾਂ ਅਤੇ ਮੁਹੱਲੇ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਸਨ।

14 ਨਵੰਬਰ ਨੂੰ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਮਨਪ੍ਰੀਤ ਦੀ ਲਾਸ਼ ਏਅਰਪੋਰਟ ਸੜਕ ’ਤੇ ਰੱਖ ਕੇ ਤਿੰਨ ਦਿਨ ਆਵਾਜਾਈ ਜਾਮ ਰੱਖੀ ਸੀ। ਪੰਜ ਮੁਲਜ਼ਮ ਫੜੇ ਜਾਣ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ। ਡੀਐੱਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕੁੰਭੜਾ ਵਿੱਚ ਚੌਕਸੀ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਭਲਕੇ ਸ਼ੁੱਕਰਵਾਰ ਨੂੰ ਪੀਜੀਆਈ ਵਿੱਚ ਹੀ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਉਪਰੰਤ ਪਰਿਵਾਰ ਵੱਲੋਂ ਸਸਕਾਰ ਕੀਤਾ ਜਾਵੇਗਾ।

ਜਾਣੋ ਪੂਰਾ ਮਾਮਲਾ

ਪਿੰਡ ਕੁੰਭੜਾ ਦਾ ਰਹਿਣ ਵਾਲਾ 17 ਸਾਲਾ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਪਿੰਡ ਵਿੱਚ ਬੈਠਾ ਸੀ। ਇਸ ਦੌਰਾਨ ਇਕ ਪ੍ਰਵਾਸੀ ਨੌਜਵਾਨ ਬਾਈਕ ‘ਤੇ ਆਇਆ ਅਤੇ ਅਚਾਨਕ ਉਸ ਦੀ ਬਾਈਕ ਦੋਵਾਂ ਨਾਲ ਟਕਰਾ ਗਈ। ਦੋਵਾਂ ਦੋਸਤਾਂ ਨੇ ਨੌਜਵਾਨ ਨੂੰ ਬਾਇਕ ਹੌਲੀ-ਹੌਲੀ ਚਲਾਉਣ ਲਈ ਕਿਹਾ ਜਿਸ ਤੋਂ ਕੁਝ ਦੇਰ ਵਿਚ ਹੀ ਬਹਿਸ ਸ਼ੁਰੂ ਹੋ ਗਈ।

ਪ੍ਰਵਾਸੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਬਾਅਦ ਪ੍ਰਵਾਸੀ ਨੌਜਵਾਨ ਉਥੋਂ ਚਲਾ ਗਿਆ ਅਤੇ ਦੋਵੇਂ ਦੋਸਤ ਇਥੇ ਹੀ ਬੈਠੇ ਰਹੇ। ਕੁਝ ਸਮੇਂ ਬਾਅਦ ਬਾਈਕ ਚਾਲਕ ਆਪਣੇ ਨਾਲ 10 ਤੋਂ 12 ਪ੍ਰਵਾਸੀ ਨੌਜਵਾਨਾਂ ਨੂੰ ਲੈ ਕੇ ਆਇਆ ਅਤੇ ਦੋਵਾਂ ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦਮਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਉਸ ਦੇ ਦੋਸਤ ਦਿਲਪ੍ਰੀਤ ਦੇ ਵੀ ਗੰਭੀਰ ਸੱਟਾਂ ਲੱਗੀਆਂ ਸਨ। ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੀੜਤ ਦੇ ਘਰ ਸੂਚਨਾ ਦਿੱਤੀ। ਜ਼ਖਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦਮਨਪ੍ਰੀਤ ਦੀ ਮੌਤ ਹੋ ਗਈ। ਉਸ ਦਾ ਦੋਸਤ ਦਿਲਪ੍ਰੀਤ ਇਸ ਸਮੇਂ ਇਲਾਜ ਅਧੀਨ ਸੀ।