ਬਿਉਰੋ ਰਿਪੋਰਟ: ਨਵਾਂਸ਼ਹਿਰ ਵਿੱਚ ਮਹਿੰਦੀਪੁਰ ਨੈਸ਼ਨਲ ਹਾਈਵੇਅ ਨੇੜੇ ਦੋ ਬੱਸਾਂ ਦੀ ਟੱਕਰ ਹੋ ਗਈ, ਜਿਸ ਵਿੱਚ 30 ਯਾਤਰੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਬੱਸ ਪਲ਼ਟ ਗਈ। ਤਰਨਤਾਰਨ ਖੇਮਕਰਨ ਤੋਂ 2 ਬੱਸਾਂ ਵਿੱਚ 75 ਦੇ ਕਰੀਬ ਲੋਕ ਸਵਾਰ ਸਨ। ਇਹ ਬੱਸ ਖਾਲਸਾ ਪੰਥ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਾ ਰਹੀ ਸੀ।
ਜਦੋਂ ਦੋਵੇਂ ਬੱਸਾਂ ਪਿੰਡ ਮਹਿੰਦੀਪੁਰ ਨੈਸ਼ਨਲ ਹਾਈਵੇਅ ’ਤੇ ਪੁੱਜੀਆਂ ਤਾਂ ਪਿੱਛੇ ਤੋਂ ਆਪਸ ਵਿੱਚ ਟਕਰਾ ਗਈਆਂ ਅਤੇ ਇੱਕ ਬੱਸ ਸੜਕ ਦੇ ਵਿਚਕਾਰ ਹੀ ਪਲ਼ਟ ਗਈ। ਇਸ ਬੱਸ ਵਿੱਚ ਸਵਾਰ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਐਂਬੂਲੈਂਸ ਮੌਕੇ ’ਤੇ ਪਹੁੰਚਾ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਮੌਕੇ ਡੀਐਸਪੀ ਰਾਜ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਪੁੱਜੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿਖੇ ਦਾਖ਼ਲ ਕਰਵਾਇਆ। ਇਸ ਮੌਕੇ ਐਸ.ਐਸ.ਐਫ ਦੀ ਟੀਮ ਨੇ ਵਾਹਨਾਂ ਨੂੰ ਇੱਕ ਪਾਸੇ ਲਿਆ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਿੱਤਾ।