India

ਮਹਾਂਰਾਸ਼ਟਰ ਅਸੈਂਬਲੀ ਚੋਣਾਂ 2024 : ਸਚਿਨ ਤੇਂਦੁਲਕਰ ਸਮੇਤ ਕਈ ਖਾਸ ਲੋਕਾਂ ਨੇ ਮਹਾਰਾਸ਼ਟਰ ‘ਚ ਆਪਣੀ ਵੋਟ ਪਾਈ

ਮਹਾਰਾਸ਼ਟਰ ਦੀਆਂ ਸਾਰੀਆਂ 288 ਵਿਧਾਨ ਸਭਾ ਸੀਟਾਂ ਅਤੇ ਝਾਰਖੰਡ ਦੀਆਂ ਦੂਜੇ ਪੜਾਅ ਦੀਆਂ 38 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਦੇ ਕਈ ਇਲਾਕਿਆਂ ‘ਚ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀ ਭਾਰੀ ਭੀੜ ਦਿਖਾਈ ਦੇ ਰਹੀ ਹੈ। ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਮੁੰਬਈ ਦੇ ਇਕ ਪੋਲਿੰਗ ਬੂਥ ‘ਤੇ ਪਰਿਵਾਰ ਸਮੇਤ ਆਪਣੀ ਵੋਟ ਪਾਈ ਹੈ।

ਇਸ ਤੋਂ ਇਲਾਵਾ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਅਤੇ ਮਹਾਰਾਸ਼ਟਰ ਦੇ ਗਵਰਨਰ ਸੀਪੀ ਰਾਧਾਕ੍ਰਿਸ਼ਨਨ ਨੇ ਵੀ ਆਪਣੀ ਵੋਟ ਪਾਈ। ਪ੍ਰਮੁੱਖ ਸਿਆਸੀ ਲੋਕਾਂ ਦੀ ਗੱਲ ਕਰੀਏ ਤਾਂ ਐਨਸੀਪੀ (ਸ਼ਰਦ ਪਵਾਰ ਧੜੇ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ, ਅਜੀਤ ਪਵਾਰ ਅਤੇ ਭਾਜਪਾ ਨੇਤਾ ਚੰਦਰਕਾਂਤਦਾ ਪਾਟਿਲ ਨੇ ਵੀ ਵੋਟ ਪਾਈ ਹੈ।

ਮੱਧ ਨਾਗਪੁਰ ‘ਚ ਵੋਟਿੰਗ ਇਕ ਘੰਟੇ ਦੀ ਦੇਰੀ ਨਾਲ ਹੋਈ

ਕੇਂਦਰੀ ਨਾਗਪੁਰ ਵਿਧਾਨ ਸਭਾ ਹਲਕੇ ਦੇ ਸੰਤ ਕਬੀਰ ਪ੍ਰਾਇਮਰੀ ਸਕੂਲ ਪੋਲਿੰਗ ਕੇਂਦਰ ਵਿੱਚ ਈਵੀਐਮ ਵਿੱਚ ਤਕਨੀਕੀ ਨੁਕਸ ਆ ਗਿਆ। ਮਸ਼ੀਨ ਦੀ ਮੁਰੰਮਤ ਹੋਣ ਤੋਂ ਬਾਅਦ ਇੱਕ ਘੰਟੇ ਦੀ ਦੇਰੀ ਨਾਲ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ। ਉੱਤਰੀ ਨਾਗਪੁਰ ਸੰਸਦੀ ਖੇਤਰ ਦੇ ਕਸਤੂਰਬਾ ਨਗਰ ਇਲਾਕੇ ਦੇ ਪੋਲਿੰਗ ਬੂਥ ‘ਤੇ ਈਵੀਐਮ ਬੰਦ ਹੋ ਗਈ।

NCP ਮੁਖੀ ਸ਼ਰਦ ਪਵਾਰ ਨੇ ਬਾਰਾਮਤੀ ਸੀਟ ‘ਤੇ ਵੋਟ ਪਾਈ। ਉਹ ਆਪਣੀ ਵੋਟ ਪਾਉਣ ਲਈ ਸਵੇਰੇ ਕਰੀਬ 9 ਵਜੇ ਪੋਲਿੰਗ ਬੂਥ ‘ਤੇ ਪਹੁੰਚੇ।

ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੁਖੀ ਰਾਜ ਠਾਕਰੇ ਦੇ ਪੁੱਤਰ ਅਮਿਤ ਠਾਕਰੇ ਨੇ ਮਹਿਮ ਵਿਧਾਨ ਸਭਾ ਸੀਟ ‘ਤੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਉਮੀਦਵਾਰ ਵਜੋਂ ਮੈਂ ਚੰਗੀਆਂ ਵੋਟਾਂ ਨਾਲ ਜਿੱਤਾਂਗਾ। ਮੇਰੀ ਅਪੀਲ ਹੈ ਕਿ ਲੋਕ ਬਾਹਰ ਆ ਕੇ ਵੋਟ ਪਾਉਣ।

ਅਦਾਕਾਰ ਅਕਸ਼ੈ ਕੁਮਾਰ ਨੇ ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲਈ ਵੋਟ ਪਾਈ ਹੈ। ਹਾਲਾਂਕਿ ਉਨ੍ਹਾਂ ਨੇ ਲੋਕ ਸਭਾ ਲਈ ਵੋਟ ਪਾਈ ਹੈ। ਅਕਸ਼ੈ ਕੁਮਾਰ ਕੁਝ ਮਹੀਨੇ ਪਹਿਲਾਂ ਤੱਕ ਕੈਨੇਡਾ ਦੇ ਨਾਗਰਿਕ ਸਨ। ਪਰ ਉਸ ਨੂੰ 77ਵੇਂ ਸੁਤੰਤਰਤਾ ਦਿਵਸ ‘ਤੇ ਭਾਰਤੀ ਨਾਗਰਿਕਤਾ ਦਿੱਤੀ ਗਈ ਸੀ।