ਬਿਉਰੋ ਰਿਪੋਰਟ: ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਕਈ ਅਪਰਾਧਿਕ ਮਾਮਲਿਆਂ ’ਚ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ’ਚ ਨਜ਼ਰਬੰਦ ਕੀਤੇ ਜਾਣ ਦੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ। ਮੈਥਿਊ ਮਿਲਰ ਨੂੰ ਪੁੱਛਿਆ ਗਿਆ ਸੀ ਕਿ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਸੁਰੱਖਿਆ ਅਧਿਕਾਰੀ ਐਫਬੀਆਈ ਅਧਿਕਾਰੀਆਂ ਨਾਲ ਅਨਮੋਲ ਬਿਸ਼ਨੋਈ ਦੀ ਹਵਾਲਗੀ ਬਾਰੇ ਚਰਚਾ ਕਰ ਰਹੇ ਹਨ।
ਇਸ ਸਵਾਲ ’ਤੇ ਮੈਥਿਊ ਮਿਲਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ, “ਮੈਂ ਸਿਰਫ ਇਹ ਕਹਾਂਗਾ ਕਿ ਜੇਕਰ ਅਜਿਹਾ ਕੁਝ ਹੈ ਤਾਂ ਇਸ ’ਤੇ ਹੋਮਲੈਂਡ ਸਕਿਓਰਿਟੀ ਵਿਭਾਗ ਅਤੇ ਐਫਬੀਆਈ ਟਿੱਪਣੀ ਕਰਨਾ ਉਚਿਤ ਹੋਵੇਗਾ, ਨਾ ਕਿ ਵਿਦੇਸ਼ ਵਿਭਾਗ।”
ਖ਼ਬਰਾਂ ਮੁਤਾਬਕ ਬਾਬਾ ਸਿੱਦੀਕੀ ਦੇ ਕਤਲ ਅਤੇ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਸਮੇਤ ਕਈ ਮਾਮਲਿਆਂ ਦੇ ਮੁਲਜ਼ਮ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਹਫ਼ਤੇ ਕੈਲੀਫੋਰਨੀਆ ਤੋਂ ਹਿਰਾਸਤ ’ਚ ਲਿਆ ਹੈ। ਇਸ ਦੇ ਨਾਲ ਹੀ ਉਸ ਦਾ ਨਾਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਵੀ ਸਾਹਮਣੇ ਆਇਆ ਹੈ।