ਬਿਉਰੋ ਰਿਪੋਰਟ: ਮੁਹਾਲੀ ਦੇ ਫੇਜ਼ 1 ਵਿੱਚ ਕਿਰਾਏ ਦੇ ਕਮਰੇ ਵਿੱਚ 30 ਸਾਲਾ ਨੌਜਵਾਨ ਅਨਸ ਅਤੇ ਉਸਦੀ 23 ਸਾਲਾ ਦੋਸਤ ਨਿਧੀ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮੰਗਲਵਾਰ ਸਵੇਰੇ ਨਿਧੀ ਅਨਸ ਨੂੰ ਮਿਲਣ ਆਈ ਸੀ ਪਰ ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ’ਤੇ ਆਸ-ਪਾਸ ਦੇ ਲੋਕਾਂ ਨੇ ਮਕਾਨ ਮਾਲਕ ਨੂੰ ਸੂਚਨਾ ਦਿੱਤੀ। ਮਕਾਨ ਮਾਲਕ ਨੇ ਦਰਵਾਜ਼ਾ ਤੋੜਿਆ, ਜਿੱਥੇ ਦੋਵੇਂ ਕੱਪੜੇ ਨਾਲ ਬੰਨ੍ਹੇ ਅਤੇ ਪੱਖੇ ਨਾਲ ਲਟਕਦੇ ਮਿਲੇ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਦੋਵਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੌਕੇ ਤੋਂ ਨਮੂਨੇ ਲਏ ਜਾ ਰਹੇ ਹਨ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਦੋਵਾਂ ਨੇ ਖੁਦਕੁਸ਼ੀ ਕਿਉਂ ਕੀਤੀ?
ਪੁਲਿਸ ਨੇ ਜਾਂਚ ਲਈ ਮੌਕੇ ’ਤੇ ਮਿਲੇ ਫ਼ੋਨ ਨੂੰ ਵੀ ਜ਼ਬਤ ਕਰ ਲਏ ਹਨ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸ ਮਾਮਲੇ ’ਚ ਕੋਈ ਬਾਹਰੀ ਤੱਤ ਵੀ ਸ਼ਾਮਲ ਸੀ ਜਾਂ ਨਹੀਂ।
ਇਸ ਤੋਂ ਇਲਾਵਾ ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਹਰ ਸੰਭਵ ਕੋਣ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਿਰਫ ਖੁਦਕੁਸ਼ੀ ਦਾ ਮਾਮਲਾ ਨਹੀਂ ਹੋ ਸਕਦਾ ਅਤੇ ਉਹ ਜਲਦੀ ਹੀ ਇਸ ਮਾਮਲੇ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।