India

ਦਿੱਲੀ ’ਚ ‘ਆਪ’ ਨੂੰ ਝਟਕਾ! ਕੈਲਾਸ਼ ਗਹਿਲੋਤ ਭਾਜਪਾ ‘ਚ ਸ਼ਾਮਲ! ਕੱਲ੍ਹ ਆਤਿਸ਼ੀ ਕੈਬਨਿਟ ਅਤੇ ਪਾਰਟੀ ਤੋਂ ਦਿੱਤਾ ਸੀ ਅਸਤੀਫ਼ਾ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ 24 ਘੰਟੇ ਬਾਅਦ ਅੱਜ ਸੋਮਵਾਰ ਨੂੰ ਕੈਲਾਸ਼ ਗਹਿਲੋਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਲਾਸ਼ ਗਹਿਲੋਤ ਨੇ ਕਿਹਾ ਕਿ ਲੋਕ ਸੋਚ ਰਹੇ ਹੋਣਗੇ ਕਿ ਇਹ ਫੈਸਲਾ ਰਾਤੋ-ਰਾਤ ਲਿਆ ਗਿਆ ਹੈ। ਇਹ ਫੈਸਲਾ ਕਿਸੇ ਦੇ ਦਬਾਅ ’ਚ ਲਿਆ, ਪਰ ਤੁਹਾਨੂੰ ਦੱਸ ਦੇਵਾਂ ਕਿ ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਦਬਾਅ ’ਚ ਕੁਝ ਨਹੀਂ ਕੀਤਾ। ਸੁਣਨ ’ਚ ਆ ਰਿਹਾ ਹੈ ਕਿ ਮੈਂ ਈਡੀ, ਸੀਬੀਆਈ ਦੇ ਦਬਾਅ ’ਚ ਅਜਿਹਾ ਕੀਤਾ, ਪਰ ਅਜਿਹਾ ਨਹੀਂ ਹੈ।

ਗਹਿਲੋਤ ਨੇ ਕਿਹਾ ਕਿ ਜਦੋਂ ਮੈਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਦੇਖਦਾ ਹਾਂ ਜਿਨ੍ਹਾਂ ਲਈ ਮੈਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ, ਜਦ ਆਪਣੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਕਦਰਾਂ-ਕੀਮਤਾਂ ਨਾਲ ਸਮਝੌਤਾ ਹੁੰਦਾ ਦੇਖਦਾ ਹਾਂ ਤਾਂ ਕਸ਼ਟ ਹੁੰਦਾ ਹੈ। ਇਹ ਮੇਰਾ ਦਰਦ ਹੈ ਅਤੇ ਇਹ ਹਜ਼ਾਰਾਂ-ਲੱਖਾਂ ਵਰਕਰਾਂ ਦੀ ਭਾਵਨਾ ਹੈ।

‘ਆਪ’ ਆਗੂਆਂ ਦੇ ਪ੍ਰਤੀਕਰਮ

ਗਹਿਲੋਤ ਦੇ ਪਾਰਟੀ ਛੱਡਣ ’ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ- ‘ਉਹ ਆਪਣਾ ਫੈਸਲਾ ਲੈਣ ਲਈ ਆਜ਼ਾਦ ਹਨ। ਉਹ ਜਿੱਥੇ ਜਾਣਾ ਚਾਹੁਣ ਜਾਣ।’

‘ਆਪ’ ਨੇਤਾ ਸੰਜੇ ਸਿੰਘ ਨੇ ਕਿਹਾ- ‘ਦਿੱਲੀ ਚੋਣਾਂ ਤੋਂ ਪਹਿਲਾਂ ਮੋਦੀ ਵਾਸ਼ਿੰਗ ਮਸ਼ੀਨ ਸਰਗਰਮ ਹੋ ਗਈ ਹੈ। ਹੁਣ ਇਸ ਮਸ਼ੀਨ ਰਾਹੀਂ ਕਈ ਨੇਤਾ ਭਾਜਪਾ ’ਚ ਸ਼ਾਮਲ ਹੋਣਗੇ।’

ਸੀਐਮ ਆਤਿਸ਼ੀ ਨੇ ਕਿਹਾ- ਟਇਹ ਭਾਜਪਾ ਦੀ ਗੰਦੀ ਸਾਜ਼ਿਸ਼ ਹੈ। ਭਾਜਪਾ ਈਡੀ ਅਤੇ ਸੀਬੀਆਈ ਦੇ ਦਮ ’ਤੇ ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ।’