ਬਿਉਰੋ ਰਿਪੋਰਟ: ਅਮਰੀਕਾ ਨੇ 10 ਮਿਲੀਅਨ ਡਾਲਰ (ਲਗਭਗ 83 ਕਰੋੜ ਰੁਪਏ) ਮੁੱਲ ਦੀਆਂ 1,400 ਤੋਂ ਵੱਧ ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ। ਇਨ੍ਹਾਂ ਵਿੱਚ 1980 ਦੇ ਦਹਾਕੇ ਵਿੱਚ ਮੱਧ ਪ੍ਰਦੇਸ਼ ਤੋਂ ਲੁੱਟੀ ਗਈ ਇੱਕ ਬਲੂਆ ਪੱਥਰ ਦੀ ਮੂਰਤੀ ਅਤੇ 1960 ਦੇ ਦਹਾਕੇ ਵਿੱਚ ਰਾਜਸਥਾਨ ਤੋਂ ਲੁੱਟੀ ਗਈ ਇੱਕ ਹਰੇ-ਭੂਰੇ ਰੰਗ ਦੀ ਮੂਰਤੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਆਉਣ ਵਾਲੇ ਮਹੀਨਿਆਂ ਵਿੱਚ 600 ਤੋਂ ਵੱਧ ਲੁੱਟੀਆਂ ਗਈਆਂ ਪੁਰਾਤਨ ਵਸਤਾਂ ਵੀ ਭਾਰਤ ਨੂੰ ਵਾਪਸ ਕੀਤੀਆਂ ਜਾਣਗੀਆਂ।
ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਐਲ. ਦੇ ਇੱਕ ਬਿਆਨ ਅਨੁਸਾਰ ਇਹ ਪੁਰਾਤਨ ਵਸਤੂਆਂ ਨਿਊਯਾਰਕ ਵਿੱਚ ਇੱਕ ਸਮਾਰੋਹ ਦੌਰਾਨ ਵਾਪਸ ਕੀਤੀਆਂ ਗਈਆਂ ਸਨ, ਜਿਸ ਵਿੱਚ ਭਾਰਤੀ ਵਣਜ ਕੌਂਸਲੇਟ ਦੇ ਮਨੀਸ਼ ਕੁਲਹਾਰੀ ਅਤੇ ਨਿਊਯਾਰਕ ਹੋਮਲੈਂਡ ਸਕਿਓਰਿਟੀ ਦੀ ਸੱਭਿਆਚਾਰਕ ਸੰਪੱਤੀ, ਕਲਾ ਅਤੇ ਪੁਰਾਤੱਤਵ ਟੀਮ ਦੀ ਸਮੂਹ ਸੁਪਰਵਾਈਜ਼ਰ ਅਲੈਗਜ਼ੈਂਡਰਾ ਡੀ ਆਰਮਜ਼ ਵੀ ਮੌਜੂਦ ਸਨ।
ਕੀ ਹੈ ਇਨ੍ਹਾਂ ਪ੍ਰਾਚੀਨ ਵਸਤੂਆਂ ਦੀ ਕਹਾਣੀ?
ਦੱਸਿਆ ਜਾਂਦਾ ਹੈ ਕਿ ਬਲੂਆ ਪੱਧਰ ਦੀ ਮੂਰਤੀ 1980 ਦੇ ਦਹਾਕੇ ਵਿੱਚ ਮੱਧ ਪ੍ਰਦੇਸ਼ ਦੇ ਇੱਕ ਮੰਦਰ ਤੋਂ ਚੋਰੀ ਕੀਤੀ ਗਈ ਸੀ। ਚੋਰਾਂ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਤਸਕਰੀ ਦਾ ਕੰਮ ਆਸਾਨ ਕਰ ਦਿੱਤਾ ਸੀ। 1992 ਵਿੱਚ ਇਸ ਨੂੰ ਗੈਰ-ਕਾਨੂੰਨੀ ਢੰਗ ਨਾਲ ਲੰਡਨ ਤੋਂ ਨਿਊਯਾਰਕ ਲਿਆਂਦਾ ਗਿਆ ਸੀ। ਫਿਰ ਇਸਨੂੰ ਦੁਬਾਰਾ ਇਕੱਠਾ ਕੀਤਾ ਗਿਆ ਅਤੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ (ਮੇਟ) ਨੂੰ ਦਾਨ ਕੀਤਾ ਗਿਆ। ਮੂਰਤੀ ਮੇਟ ਮਿਊਜ਼ੀਅਮ ਵਿੱਚ ਉਦੋਂ ਤੱਕ ਰਹੀ ਜਦੋਂ ਤੱਕ ਇਸਨੂੰ 2023 ਵਿੱਚ ਐਂਟੀ ਵਿਕਟਿਮ ਟ੍ਰੈਫਿਕ ਯੂਨਿਟ (ਏਟੀਯੂ) ਦੁਆਰਾ ਜ਼ਬਤ ਨਹੀਂ ਕਰ ਲਿਆ ਗਿਆ ਸੀ।
ਦੂਸਰੀ,ਹਰੇ-ਭੂਰੇ ਪੱਥਰ ਦੀ ਬਣੀ ਤਨੇਸਰ ਦੇਵੀ ਮਾਂ ਦੀ ਮੂਰਤੀ ਰਾਜਸਥਾਨ ਦੇ ਤਨੇਸਰ-ਮਹਾਦੇਵ ਪਿੰਡ ਤੋਂ ਲੁੱਟੀ ਗਈ ਸੀ। ਇਹ ਜਾਣਕਾਰੀ ਭਾਰਤੀ ਪੁਰਾਤੱਤਵ ਵਿਭਾਗ ਦੁਆਰਾ 1950 ਦੇ ਅਖੀਰ ਵਿੱਚ ਦਸਤਾਵੇਜ਼ਾਂ ਵਿੱਚ ਦਰਜ ਕੀਤੀ ਗਈ ਸੀ। ਪਰ ਮੂਰਤੀ 1960 ਦੇ ਸ਼ੁਰੂ ਵਿੱਚ ਚੋਰੀ ਹੋ ਗਈ ਸੀ। ਬਾਅਦ ਵਿੱਚ 1968 ਵਿੱਚ ਇਹ ਨਿਊਯਾਰਕ ਵਿੱਚ ਇੱਕ ਗੈਲਰੀ ਵਿੱਚ ਪਹੁੰਚ ਗਈ। ਫਿਰ ਇਹ ਦੋ ਕੁਲੈਕਟਰਾਂ ਕੋਲ ਹੀ ਰਿਹਾ। ਫਿਰ 1993 ਵਿੱਚ ਇਹ ਮੇਟ ਮਿਊਜ਼ੀਅਮ ਪਹੁੰਚ ਗਈ। ਇਸ ਮੂਰਤੀ ਨੂੰ ਏਟੀਯੂ ਨੇ 2022 ਵਿੱਚ ਜ਼ਬਤ ਕਰ ਲਿਆ ਸੀ।
ਤਸਕਰ ਆਪਣੇ ਨੈੱਟਵਰਕ ਰਾਹੀਂ ਇਨ੍ਹਾਂ ਪੁਰਾਤਨ ਵਸਤਾਂ ਨੂੰ ਚੋਰੀ ਕਰਦੇ ਸਨ। ਇਨ੍ਹਾਂ ’ਚ ਐਂਟੀਕ ਸਮਗਲਰ ਸੁਭਾਸ਼ ਕਪੂਰ ਅਤੇ ਸਮੱਗਲਰ ਨੈਂਸੀ ਵੀਨਰ ਦਾ ਨਾਂ ਵੀ ਸ਼ਾਮਲ ਹੈ। ਨਿਊਯਾਰਕ ਡਿਸਟ੍ਰਿਕਟ ਪ੍ਰੌਸੀਕਿਊਟਰ ਐਲਵਿਨ ਐਲ ਬ੍ਰੈਗ ਜੂਨੀਅਰ ਨੇ ਇਸ ਸਬੰਧੀ ਕਿਹਾ ਕਿ ਅਸੀਂ ਪੁਰਾਤਨ ਵਸਤਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਦੀ ਨਿਗਰਾਨੀ ਕਰਨਾ ਜਾਰੀ ਰੱਖਾਂਗੇ ਜਿਨ੍ਹਾਂ ਨੇ ਭਾਰਤ ਦੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਨੂੰ ਨਿਸ਼ਾਨਾ ਬਣਾਇਆ ਹੈ।