ਬਿਉਰੋ ਰਿਪੋਰਟ: ਕੋਲਕਾਤਾ ਦੇ ਕਸਬਾ ਇਲਾਕੇ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਕੌਂਸਲਰ ਦੇ ਕਤਲ ਦੀ ਸਾਜ਼ਿਸ਼ ਕੀਤੀ ਗਈ ਜੋ ਨਾਕਾਮ ਹੋ ਗਈ। ਵਾਰਡ 108 ਦੇ ਕੌਂਸਲਰ ਸੁਸ਼ਾਂਤ ਘੋਸ਼ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਬੈਠੇ ਸਨ। ਇਸ ਦੌਰਾਨ ਦੋ ਵਿਅਕਤੀ ਸਕੂਟਰ ’ਤੇ ਆਏ। ਪਿੱਛੇ ਬੈਠੇ ਵਿਅਕਤੀ ਨੇ ਘੋਸ਼ ’ਤੇ ਦੋ ਵਾਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਹੀਂ ਚੱਲੀ।
ਇਸ ਦੌਰਾਨ ਸੁਸ਼ਾਂਤ ਘੋਸ਼ ਸ਼ੂਟਰ ਨੂੰ ਫੜਨ ਲਈ ਦੌੜਿਆ। ਸ਼ੂਟਰ ਨੇ ਸਕੂਟਰ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਸ਼ਾਂਤ ਨੇ ਉਸ ਨੂੰ ਕੱਪੜਿਆਂ ਤੋਂ ਫੜ ਕੇ ਖਿੱਚ ਲਿਆ। ਇਸ ਦੌਰਾਨ ਉਹ ਦੋ ਵਾਰ ਬਚ ਹੋ ਕੇ ਭੱਜਣ ਲੱਗਾ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਘੋਸ਼ ਦੇ ਘਰ ’ਤੇ ਸੀਸੀਟੀਵੀ ਲਗਾਇਆ ਗਿਆ ਸੀ ਅਤੇ ਘਟਨਾ ਉਸ ਵਿੱਚ ਕੈਦ ਹੋ ਗਈ ਸੀ।
ਬਿਹਾਰ ਦਾ ਰਹਿਣ ਵਾਲਾ ਹੈ ਸ਼ੂਟਰ
ਫੜੇ ਜਾਣ ਤੋਂ ਬਾਅਦ ਕੈਮਰੇ ਦੇ ਸਾਹਮਣੇ ਸ਼ੂਟਰ ਤੋਂ ਪੁੱਛਿਆ ਗਿਆ ਕਿ ਉਹ ਕਿਸ ਦੇ ਕਹਿਣ ’ਤੇ ਆਇਆ ਸੀ ਤਾਂ ਸ਼ੂਟਰ ਨੇ ਕਿਹਾ ਕਿ ਉਸ ਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ, ਉਸ ਨੂੰ ਸਿਰਫ ਇੱਕ ਫੋਟੋ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਸ ਨੇ ਉਸ ਦਾ ਕਤਲ ਕਰਨਾ ਹੈ। ਪੁਲਿਸ ਨੇ ਕਿਹਾ ਕਿ ਇਸ ਪਿੱਛੇ ਸਥਾਨਕ ਲੋਕਾਂ ਦਾ ਹੱਥ ਹੋ ਸਕਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੁਸ਼ਮਣੀ ਕਾਰਨ ਕਿਸੇ ਨੇ ਬਿਹਾਰ ਤੋਂ ਸ਼ੂਟਰ ਕਿਰਾਏ ’ਤੇ ਲਿਆ ਹੋਵੇਗਾ।
ਇਸ ਘਟਨਾ ਸਬੰਧੀ ਕੌਂਸਲਰ ਨੇ ਕਿਹਾ ਕਿ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ 12 ਸਾਲਾਂ ਤੋਂ ਕੌਂਸਲਰ ਰਿਹਾ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਕੋਈ ਮੇਰੇ ’ਤੇ ਹਮਲਾ ਕਰੇਗਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਇਲਾਕੇ ਵਿੱਚ ਮੇਰੇ ਘਰ ਦੇ ਸਾਹਮਣੇ ਅਜਿਹਾ ਕੁਝ ਹੋਵੇਗਾ।