India

ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਹੋਇਆ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਠਭੇੜ ਯਾਰੀਪੋਰਾ ਦੇ ਬਾਡੀਮਾਰਗ ‘ਚ ਚੱਲ ਰਹੀ ਹੈ। ਇੱਥੇ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ।

ਵਾਧੂ ਬਲ ਵੀ ਬੁਲਾ ਲਏ ਗਏ ਹਨ। ਇਲਾਕੇ ‘ਚ ਦੇਰ ਰਾਤ ਤੱਕ ਲਾਈਟਾਂ ਲਗਾਈਆਂ ਗਈਆਂ, ਤਾਂ ਜੋ ਰੌਸ਼ਨੀ ਬਣੀ ਰਹੇ ਅਤੇ ਅੱਤਵਾਦੀ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਨਾ ਸਕਣ। ਨਵੰਬਰ ਮਹੀਨੇ ਵਿੱਚ ਕਸ਼ਮੀਰ ਘਾਟੀ ਵਿੱਚ ਇਹ 9ਵਾਂ ਮੁਕਾਬਲਾ ਹੈ। ਇਸ ਦੇ ਨਾਲ ਹੀ ਉੱਤਰੀ ਕਸ਼ਮੀਰ ਵਿੱਚ ਪਿਛਲੇ 8 ਦਿਨਾਂ ਵਿੱਚ ਇਹ ਛੇਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ ਬਾਂਦੀਪੋਰਾ, ਕੁਪਵਾੜਾ ਅਤੇ ਸੋਪੋਰ ਵਿੱਚ ਮੁਕਾਬਲੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ 10 ਨਵੰਬਰ ਨੂੰ ਕਿਸ਼ਤਵਾੜ ਦੇ ਕੇਸ਼ਵਾਨ ਦੇ ਜੰਗਲਾਂ ਵਿੱਚ ਐਨਕਾਊਂਟਰ ਹੋਇਆ ਸੀ।

12 ਨਵੰਬਰ ਨੂੰ ਵੀ ਕੁਪਵਾੜਾ ਜ਼ਿਲੇ ਦੇ ਨਾਗਮਰਗ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇੱਥੇ ਦੋ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਦੇਰ ਰਾਤ ਤੱਕ ਤਲਾਸ਼ੀ ਲਈ, ਪਰ ਅੱਤਵਾਦੀਆਂ ਦਾ ਪਤਾ ਨਹੀਂ ਲੱਗ ਸਕਿਆ।

ਸੁਰੱਖਿਆ ਬਲਾਂ ਨੂੰ ਇੱਥੇ 3-4 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫੌਜ ਨੇ ਤਲਾਸ਼ੀ ਲਈ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਪੈਰਾ ਸਪੈਸ਼ਲ ਫੋਰਸ ਦੇ 4 ਜਵਾਨ ਜ਼ਖਮੀ ਹੋ ਗਏ। ਇਲਾਜ ਦੌਰਾਨ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਦੀ ਮੌਤ ਹੋ ਗਈ।