ਬਿਉਰੋ ਰਿਪੋਰਟ: ਚੀਨ ਦੇ ਜ਼ੁਹਾਈ ਸ਼ਹਿਰ ’ਚ ਸੋਮਵਾਰ ਰਾਤ ਨੂੰ 62 ਸਾਲਾ ਵਿਅਕਤੀ ਨੇ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ 35 ਲੋਕਾਂ ਦੀ ਮੌਤ ਹੋ ਗਈ, ਜਦਕਿ 43 ਲੋਕ ਗੰਭੀਰ ਰੂਪ ਨਾਲ ਜ਼ਖ]ਮੀ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਫੈਨ ਨਾਮ ਦਾ ਮੁਲਜ਼ਮ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਨੂੰ ਲੈ ਕੇ ਆਪਣੀ ਪਤਨੀ ਨਾਲ ਨਾਰਾਜ਼ ਸੀ।
ਇਹ ਘਟਨਾ ਇੱਕ ਸਪੋਰਟਸ ਸੈਂਟਰ ਨੇੜੇ ਵਾਪਰੀ, ਜਿੱਥੇ ਲੋਕ ਕਸਰਤ ਕਰਨ ਲਈ ਆਏ ਹੋਏ ਸਨ। ਇਹ ਹਮਲਾ ਸੀ ਜਾਂ ਦੁਰਘਟਨਾ ਅਜੇ ਸਪੱਸ਼ਟ ਨਹੀਂ ਹੈ। ਕਾਰ ’ਚ ਚਾਕੂ ਸਮੇਤ ਫੈਨ ਫੜਿਆ ਗਿਆ। ਉਸ ਦੀ ਗਰਦਨ ’ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਨਿਸ਼ਾਨ ਸਨ। ਫੜੇ ਜਾਣ ’ਤੇ ਉਹ ਬੇਹੋਸ਼ ਸੀ, ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।
ਚੀਨ ਨੇ ਇਸ ਖ਼ਬਰ ਨੂੰ ਕੀਤਾ ਸੈਂਸਰ
ਮੰਗਲਵਾਰ ਨੂੰ ਜ਼ੁਹਾਈ ’ਚ ਫੌਜ ਦੀ ਪ੍ਰਦਰਸ਼ਨੀ ਲਗਾਈ ਜਾਣੀ ਸੀ। ਇਸ ਕਾਰਨ ਚੀਨ ਦੀ ਸਰਕਾਰ ਨੇ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਨੂੰ ਸੈਂਸਰ ਕਰ ਦਿੱਤਾ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਮੰਗਲਵਾਰ ਸਵੇਰੇ ਚੀਨੀ ਮੀਡੀਆ ਤੋਂ ਇਸ ਖ਼ਬਰ ਨਾਲ ਜੁੜੇ ਕਈ ਲੇਖ ਹਟਾ ਦਿੱਤੇ ਗਏ।
ਇਸ ਤੋਂ ਇਲਾਵਾ ਜੋ ਲੇਖ ਪ੍ਰਕਾਸ਼ਿਤ ਹੋਏ, ਉਹ ਵੀ ਬਿਨਾਂ ਫੋਟੋਆਂ ਅਤੇ ਵੀਡੀਓ ਤੋਂ ਪ੍ਰਕਾਸ਼ਿਤ ਕੀਤੇ ਗਏ। ਹਾਲਾਂਕਿ, ਘਟਨਾ ਨਾਲ ਸਬੰਧਤ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਨੂੰ ਯੰਗ ਲੀ ਨਾਂ ਦੇ ਯੂਜ਼ਰ ਨੇ ਪੋਸਟ ਕੀਤਾ ਹੈ। ਇਨ੍ਹਾਂ ਵੀਡੀਓਜ਼ ’ਚ ਕਈ ਲੋਕ ਸੜਕ ’ਤੇ ਜ਼ਖ਼ਮੀ ਹੋਏ ਦਿਖਾਈ ਦੇ ਰਹੇ ਹਨ।