India Punjab

ਉਪ ਰਾਸ਼ਟਰਪਤੀ ਦੀ ਫਲਾਈਟ ਦੀ ਅੰਮ੍ਰਿਤਸਰ ’ਚ ਐਮਰਜੈਂਸੀ ਲੈਂਡਿੰਗ! 1 ਘੰਟੇ ਤੱਕ ਅਸਮਾਨ ’ਚ ਉੱਡਿਆ ਜਹਾਜ਼

ਬਿਉਰੋ ਰਿਪੋਰਟ: ਪੰਜਾਬ ’ਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਫਲਾਈਟ ਲੁਧਿਆਣਾ ’ਚ ਲੈਂਡ ਨਹੀਂ ਕਰ ਸਕੀ। ਕਰੀਬ ਇੱਕ ਘੰਟੇ ਤੱਕ ਉਨ੍ਹਾਂ ਦੀ ਉਡਾਣ ਅਸਮਾਨ ਵਿੱਚ ਉੱਡਦੀ ਰਹੀ। ਇਸ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਅੱਜ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਨੇ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਪਹੁੰਚਣਾ ਸੀ। ਜਿੱਥੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਵਿੱਚ ਸ਼ਾਮਲ ਹੋਏ ਪਰ ਉਪ ਰਾਸ਼ਟਰਪਤੀ ਦਾ ਜਹਾਜ਼ ਲੁਧਿਆਣਾ ਵਿੱਚ ਨਹੀਂ ਉਤਰ ਸਕਿਆ। ਅਜਿਹੇ ’ਚ ਉਨ੍ਹਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ’ਚ ਉਤਾਰਨ ਦਾ ਫੈਸਲਾ ਕੀਤਾ ਗਿਆ।

ਹਵਾਈ ਅੱਡੇ ’ਤੇ ਉਤਰਨ ਤੋਂ ਪਹਿਲਾਂ ਇਹ ਜਾਣਕਾਰੀ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਿੱਧੇ ਹਵਾਈ ਅੱਡੇ ਲਈ ਰਵਾਨਾ ਹੋਏ।

ਵੀਆਈਪੀ ਮੂਵਮੈਂਟ ਕਾਰਨ ਰਨਵੇ ਕਲੀਅਰ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਜਹਾਜ਼ ਅੰਮ੍ਰਿਤਸਰ ਵਿੱਚ ਲੈਂਡ ਹੋਇਆ। ਉਪ ਰਾਸ਼ਟਰਪਤੀ ਨੇ ਅਧਿਕਾਰੀਆਂ ਨਾਲ ਰਸਮੀ ਮੀਟਿੰਗ ਕੀਤੀ। ਇਸ ਦੌਰਾਨ ਇੱਥੇ ਜਹਾਜ਼ ਵਿੱਚ ਤੇਲ ਭਰਿਆ ਗਿਆ। ਜਿਸ ਤੋਂ ਬਾਅਦ ਜਹਾਜ਼ ਫਿਰ ਤੋਂ ਇੰਦੌਰ ਲਈ ਰਵਾਨਾ ਹੋ ਗਿਆ।

ਉਪ ਰਾਸ਼ਟਰਪਤੀ ਦੀ ਗੈਰ-ਹਾਜ਼ਰੀ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ 400 ਤੋਂ ਵੱਧ ਅੰਤਰਰਾਸ਼ਟਰੀ ਵਿਦਵਾਨਾਂ ਨੇ ਸ਼ਿਰਕਤ ਕੀਤੀ ਸੀ।

ਐਮਰਜੈਂਸੀ ਲੈਂਡਿੰਗ ’ਤੇ ਬਿੱਟੂ ਨੇ ਜਤਾਈ ਚਿੰਤਾ

ਇਸ ਪੂਰੇ ਮਾਮਲੇ ਸਬੰਧੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਦਿਲ ਬਹੁਤ ਦੁਖੀ ਹੈ। ਕੁਦਰਤ ਨਾਲ ਛੇੜਛਾੜ ਕਰਨ ਵਿੱਚ ਕਿਸਾਨ ਦਾ ਕੋਈ ਕਸੂਰ ਨਹੀਂ ਹੈ। ਬਿੱਟੂ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਕੇ ਜ਼ੁਰਮਾਨਾ ਜਾਂ ਲਾਠੀਚਾਰਜ ਕਰਨ ਨਾਲ ਕੁਝ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਅੱਜ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ, ਡਾਕਟਰ ਅਤੇ ਕਈ ਸੀਨੀਅਰ ਅਧਿਕਾਰੀ ਅਤੇ ਆਗੂ ਜਲਵਾਯੂ ’ਤੇ ਪੀਏਯੂ ਵਿੱਚ ਇਕੱਠੇ ਹੋਏ। ਇਸ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਿਰਕਤ ਕਰਨੀ ਸੀ ਪਰ ਪੰਜਾਬ ਵਿੱਚ ਅਜਿਹਾ ਪ੍ਰਦੂਸ਼ਣ ਹੈ ਕਿ ਉਨ੍ਹਾਂ ਦਾ ਲੁਧਿਆਣਾ ਦੌਰਾ ਰੱਦ ਕਰ ਦਿੱਤਾ ਗਿਆ।

ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਧੁੰਦ ਦਾ ਯੈਲੋ ਅਲਰਟ

ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਧੁੰਧ ਦਾ ਅਸਰ ਦੇਖਣ ਨੂੰ ਮਿਲਿਆ ਹੈ। ਜਿਸ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹਾ ਧੁੰਦ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿੱਚ 14 ਨਵੰਬਰ ਤੱਕ ਰਹਿ ਸਕਦੀ ਹੈ। ਧੁੰਧ ਦਾ ਅਸਰ ਹਵਾਈ ਮਾਰਗਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਅੰਮ੍ਰਿਤਸਰ-ਪੁਣੇ ਫਲਾਈਟ ਨੂੰ ਦਿੱਲੀ ਮੋੜ ਦਿੱਤਾ ਗਿਆ।