India Lifestyle

ਹੋਰ ਮਹਿੰਗੇ ਹੋਏ ਫਲ਼, ਸਬਜ਼ੀਆਂ ਤੇ ਮੀਟ! ਅਕਤੂਬਰ ’ਚ 6.21% ਹੋਈ ਪ੍ਰਚੂਨ ਮਹਿੰਗਾਈ

ਬਿਉਰੋ ਰਿਪੋਰਟ: ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋਣ ਕਾਰਨ ਅਕਤੂਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ 6.21 ਫੀਸਦੀ ਹੋ ਗਈ ਹੈ। ਇਹ 14 ਮਹੀਨਿਆਂ ’ਚ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਅਗਸਤ 2023 ਵਿੱਚ ਮਹਿੰਗਾਈ ਦਰ 6.83% ਸੀ। ਅਕਤੂਬਰ ਤੋਂ ਇੱਕ ਮਹੀਨਾ ਪਹਿਲਾਂ ਸਤੰਬਰ ਵਿੱਚ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਇਹ ਦਰ 5.49 ਫੀਸਦੀ ਤੱਕ ਪਹੁੰਚ ਗਈ ਸੀ।

ਮਹਿੰਗਾਈ ਹੋਣ ਵਿੱਚ ਖੁਰਾਕੀ ਵਸਤੂਆਂ ਦਾ ਯੋਗਦਾਨ ਲਗਭਗ 50% ਹੈ। ਇਸਦੀ ਮਹਿੰਗਾਈ ਦਰ ਮਹੀਨੇ-ਦਰ-ਮਹੀਨੇ ਦੇ ਆਧਾਰ ’ਤੇ 9.24% ਤੋਂ ਵਧ ਕੇ 10.87% ਹੋ ਗਈ ਹੈ। ਜਦੋਂ ਕਿ ਪੇਂਡੂ ਮਹਿੰਗਾਈ ਦਰ 5.87% ਤੋਂ ਵਧ ਕੇ 6.68% ਅਤੇ ਸ਼ਹਿਰੀ ਮਹਿੰਗਾਈ 5.05% ਤੋਂ ਵਧ ਕੇ 5.62% ਹੋ ਗਈ ਹੈ।

ਕਿਵੇਂ ਵਧਦੀ ਤੇ ਘਟਦੀ ਹੈ ਮਹਿੰਗਾਈ?

ਮਹਿੰਗਾਈ ਦਾ ਵਾਧਾ ਅਤੇ ਗਿਰਾਵਟ ਉਤਪਾਦ ਦੀ ਮੰਗ ਅਤੇ ਸਪਲਾਈ ’ਤੇ ਨਿਰਭਰ ਕਰਦਾ ਹੈ। ਜੇ ਲੋਕਾਂ ਕੋਲ ਜ਼ਿਆਦਾ ਪੈਸਾ ਹੈ ਤਾਂ ਉਹ ਹੋਰ ਚੀਜ਼ਾਂ ਖਰੀਦਣਗੇ। ਜ਼ਿਆਦਾ ਚੀਜ਼ਾਂ ਖਰੀਦਣ ਨਾਲ ਚੀਜ਼ਾਂ ਦੀ ਮੰਗ ਵਧੇਗੀ ਅਤੇ ਜੇਕਰ ਮੰਗ ਮੁਤਾਬਕ ਸਪਲਾਈ ਨਹੀਂ ਹੋਵੇਗੀ ਤਾਂ ਇਨ੍ਹਾਂ ਚੀਜ਼ਾਂ ਦੀ ਕੀਮਤ ਵਧ ਜਾਵੇਗੀ।

ਇਸ ਤਰ੍ਹਾਂ ਬਾਜ਼ਾਰ ਮਹਿੰਗਾਈ ਦਾ ਸ਼ਿਕਾਰ ਹੋ ਜਾਂਦਾ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਬਾਜ਼ਾਰ ਵਿਚ ਪੈਸੇ ਦਾ ਬਹੁਤ ਜ਼ਿਆਦਾ ਪ੍ਰਵਾਹ ਜਾਂ ਵਸਤੂਆਂ ਦੀ ਕਮੀ ਮਹਿੰਗਾਈ ਦਾ ਕਾਰਨ ਬਣਦੀ ਹੈ। ਜਦੋਂ ਕਿ ਜੇ ਮੰਗ ਘੱਟ ਅਤੇ ਸਪਲਾਈ ਜ਼ਿਆਦਾ ਹੋਵੇਗੀ ਤਾਂ ਮਹਿੰਗਾਈ ਘੱਟ ਹੋਵੇਗੀ।