Punjab

ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਦੇ ਫੈਸਲੇ ਤੇ ਗਿਆਨੀ ਰਘਬੀਰ ਸਿੰਘ ਦਾ ਸਖਤ ਆਦੇਸ਼! ਐਸਜੀਪੀਸੀ ਨੂੰ ਦਿੱਤਾ ਖਾਸ ਆਦੇਸ਼

ਬਿਉਰੋ ਰਿਪੋਰਟ –  ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takth Sahib) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਭਾਰਤ ਦੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵਲੋਂ ਦੇਸ਼ ਦੇ ਹਵਾਈ ਅੱਡਿਆਂ ‘ਤੇ ਸੁਰੱਖਿਆ ਸੇਵਾਵਾਂ ਵਿਚ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਵਿਰੁੱਧ ਕਿਰਪਾਨ ਪਹਿਨਣ ‘ਤੇ ਪਾਬੰਦੀ ਦੇ ਜਾਰੀ ਕੀਤੇ ਆਦੇਸ਼ ਨੂੰ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਕਕਾਰ ਵਜੋਂ ਦਿੱਤੀ ਗਈ ਹੈ, ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਕਰਕੇ ਭਾਰਤ ਦੇ ਹਵਾਈ ਅੱਡਿਆਂ ‘ਤੇ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਿਆ ਜਾਣਾ, ਜਿੱਥੇ ਅਸਿੱਧੇ ਤੌਰ ‘ਤੇ ਸਿੱਖਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਕਰਨ ਤੁਲ ਹੈ, ਉੱਥੇ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਤੇ ਅਸਹਿਣਯੋਗ ਹਮਲਾ ਹੈ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਤੁਰੰਤ ਹੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਇਸ ਅਨਿਆਂਕਾਰੀ ਪਾਬੰਦੀ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਜਲਦ ਹੀ ਭਾਰਤ ਸਰਕਾਰ ਦੇ ਨਾਲ ਇਸ ਸਬੰਧੀ ਗੱਲਬਾਤ ਕਰਕੇ ਹਵਾਈ ਅੱਡਿਆਂ ‘ਤੇ ਨੌਕਰੀ ਕਰਦੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਦਿਵਾਉਣ ਸਬੰਧੀ ਇਕ ਉੱਚ ਪੱਧਰੀ ਵਫਦ ਬਣਾ ਕੇ ਭੇਜਿਆ ਜਾਵੇ।

ਇਹ ਵੀ ਪੜ੍ਹੋ – ਵਿਧਾਨ ਸਭਾ ‘ਚ ਮਿਲਿਆ ਖਤਰਨਾਕ ਪ੍ਰਜਾਤੀ ਦਾ ਸੱਪ!