Punjab

CM ਮਾਨ ਨੇ ਈਸ਼ਾਂਕ ਚੱਬੇਵਾਲ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਹੁਸ਼ਿਆਰਪੁਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਲਕਾ ਚੱਬੇਵਾਲ ਵਿਖੇ ਪਿੰਡ ਪੰਡੋਰੀ ਬੀਬੀ ‘ਚ ਉਮੀਦਵਾਰ ਇਸ਼ਾਂਕ ਚੱਬੇਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਤੁਹਾਡਾ ਅੱਜ ਦਾ ਇਕੱਠ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਚੱਬੇਵਾਲ ਲਈ ਨਵੀਂ ਕਹਾਣੀ ਲਿਖਣਾ ਚਾਹੁੰਦੇ ਹੋ। 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਸਿਰਫ਼ ਇੱਕ ਵੋਟਿੰਗ ਦਾ ਦਿਨ ਨਹੀਂ ਹੈ, ਇਹ ਸਥਾਈ ਤਬਦੀਲੀ ਲਿਆਉਣ ਦਾ ਮੌਕਾ ਹੈ।

ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਹੋਏ ਭਗਵੰਤ ਮਾਨ ਨੇ ਕਿਹਾ ਕਿ ਲੋਕ ਹੁਣ 77 ਸਾਲਾਂ ਦੀ ਭੜਾਸ ਕੱਢ ਰਹੇ ਹਨ। ਪਹਿਲਾਂ ਵਧੀਆ ਆਗੂਆਂ ਦੀ ਘਾਟ ਸੀ ਇਸੇ ਕਰਕੇ ਸਾਨੂੰ ਆਉਣਾ ਪਿਆ। ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਲੋਕ ਝਾੜੂ ਦਾ ਬਟਨ ਦਬਾ ਕੇ ਸਫ਼ਾਈ ਕਰ ਦੇਣ। ਇਹੋ ਜਿਹੇ ਬੰਦਿਆਂ ਦੀ ਚੋਣ ਕਰੋ ਜੋ ਤੁਹਾਡੇ ਵਿਚ ਰਹਿੰਦੇ ਹੋਣ ਅਤੇ ਤੁਹਾਡੇ ਦੁੱਖਾਂ-ਸੁੱਖਾਂ ਨੂੰ ਜਾਣਦੇ।

ਕੈਪਟਨ ਅਮਰਿੰਦਰ ਸਿੰਘ ‘ਤੇ ਵਾਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ-ਵੱਡੇ ਮਹਿਲ ਬਣਾ ਲਏ ਅਤੇ ਫਿਰ ਅੰਦਰੋ ਕੁੰਡੇ ਲਗਾ ਲਏ ਕਿ ਕਿਤੇ ਲੋਕ ਨਾ ਆ ਜਾਣ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸੀ ਹੰਕਾਰ ਵਿਚ ਹਨ। ਸਮਾਂ ਬਹੁਤ ਵੱਡੀ ਚੀਜ਼ ਹੈ, ਜੋ ਰਾਜਿਆਂ ਨੂੰ ਭਿਖਾਰੀ ਤੱਕ ਬਣਾ ਦਿੰਦਾ ਹੈ।

ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਉਨ੍ਹਾਂ ਕਿਹਾ ਕਿ 90 ਫ਼ੀਸਦੀ ਲੋਕਾਂ ਦੇ ਘਰ ਵਿਚ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗ ਗਏ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡ ਵੱਲੋਂ ਮੁਹੱਲਾ ਕਲੀਨਿਕ ਲਈ ਮੰਗ ਪੱਤਰ ਦਿੱਤਾ ਗਿਆ ਜੋਕਿ ਪੂਰੀ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਤਾਂ ਐਵੇ ਕਹਿੰਦੇ ਰਹਿੰਦੇ ਸਨ ਕਿ ਖਜ਼ਾਨਾ ਖਾਲੀ ਹੈ। ਨੀਅਤ ਸਾਫ਼ ਹੋਣੀ ਚਾਹੀਦੀ ਹੈ। ਪਹਿਲਾਂ ਵਾਲੇ ਲੀਡਰਾਂ ਦੀ ਨੀਅਤ ਸਾਫ਼ ਨਹੀਂ ਸੀ।