India International Khalas Tv Special Punjab

ਕੈਨੇਡਾ ‘ਚ ਵਾਪਰੀ ਘਟਨਾ ਦਾ ਅਸਲ ਸੱਚ! ਖਾਸ ਰਿਪੋਰਟ

ਬਿਉਰੋ ਰਿਪੋਰਟ – ਪਿਛਲੇ ਸਾਲ 2023 ‘ਚ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਜਿੱਥੇ ਕੈਨੇਡਾ ਤੇ ਭਾਰਤ ਸਰਕਾਰਾਂ ‘ਚ ਤਣਾਅ ਸਿਖਰਾਂ ‘ਤੇ ਪਹੁੰਚਿਆ ਹੋਇਆ ਹੈ ਉਥੇ ਹੀ ਇਹ ਤਣਾਅ ਹਿੰਦੂ ਤੇ ਸਿੱਖ ਭਾਈਚਾਰੇ ਵਿੱਚ ਵੀ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ, ਇਸੇ ਕਰਕੇ ਕੈਨੇਡਾ ਵਿੱਚ ਸਿੱਖ ਤੇ ਹਿੰਦੂ ਭਾਈਚਾਰੇ ‘ਚ ਕੁਝ ਕੁ ਥਾਵਾਂ ‘ਤੇ ਤਣਾਅ ਲਗਾਤਾਰ ਵਧ ਰਿਹਾ ਹੈ, ਹਿੰਦੂ ਮੰਦਰ ਬਰੈਂਪਟਨ ‘ਚ ਕੱਲ 3 ਨਵੰਬਰ ਨੂੰ ਕੀ ਹੋਇਆ ਹੈ ਇਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ, ਭਾਰਤੀ ਮੀਡੀਆ ਜੋਰ ਸ਼ੋਰ ਨਾਲ ਇਹ ਖਬਰ ਚਲਾ ਰਿਹਾ ਹੈ ਕਿ ਖਾਲਿਤਸਾਨੀਆਂ ਨੇ ਹਿੰਦੂ ਮੰਦਰ ‘ਤੇ ਹਮਲਾ ਕਰ ਦਿੱਤਾ ਹੈ, ਕੈਨੇਡਾ ਦੇ ਮੀਡੀਆ ਮੁਤਾਬਕ 2 ਧਿਰਾਂ ਵਿਚਾਲੇ ਹਿੰਸਕ ਝਗੜਾ ਹੋਇਆ ਹੈ, ਪੀਲ ਪੁਲਿਸ ਮੁਤਾਬਕ ਹਿੰਸਾ ਦੇ ਜਿੰਮੇਵਾਰ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਅਸਲ ਵਿੱਚ ਕੀ ਹੋਇਆ ਇਸ ਬਾਰੇ ਆਪਾਂ ਜਾਨਣ ਦੀ ਕੋਸ਼ਿਸ਼ ਕਰਾਂਗੇ।

ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਪੜ੍ਹਦੇ ਹਾਂ, ਟਰੂਡੋ ਨੇ ਬਰੈਂਪਟਨ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਇਸ ਨੂੰ ‘ਅਸਹਿਣਯੋਗ” ਦੱਸਿਆ, ਐਕਸ ਉੱਤੇ ਪੋਸਟ ਕੀਤੀ, ‘‘ਬਰੈਂਪਟਨ ਦੇ ਹਿੰਦੂ ਮੰਦਰ ਦੇ ਬਾਹਰ ਹੋਈ ਹਿੰਸਾ ਸਹਿਣਯੋਗ ਨਹੀਂ ਹੈ। ਸਾਰੇ ਕੈਨੇਡੀਅਨਾਂ ਨੂੰ ਆਪਣੀ ਆਸਥਾ ਮੁਤਾਬਕ ਆਪਣੇ ਰੀਤੀ ਰਿਵਾਜ਼ ਅਜ਼ਾਦੀ ਅਤੇ ਸੁਰੱਖਿਆ ਨਾਲ ਮਨਾਉਣ ਦੀ ਅਜ਼ਾਦੀ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਲਈ ਚੌਕਸੀ ਦਿਖਾਉਣ ਲ਼ਈ ਪੀਲ ਪੁਲਿਸ ਦਾ ਧੰਨਵਾਦ।’’ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਆਖਰਕਾਰ ਹੋਇਆ ਕੀ, ਪਰ ਉਨਾਂ ਐਨਾ ਜ਼ਰੂਰ ਦਾਅਵਾ ਕੀਤਾ ਹੈ ਕਿ ਪੁਲਿਸ ਦੇ ਦਖਲ ਕਰਕੇ ਬਚਾਅ ਰਹਿ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ ‘ਚ ਦੇਖਿਆ ਜਾ ਸਕਦਾ ਹੈ ਕਿ ਹਿੰਦੂ ਤੇ ਸਿੱਖ ਦੋ ਭਾਈਚਾਰੇ ਆਪਸ ਵਿੱਚ ਭਿੜ ਰਹੇ ਹਨ, ਦੋਵਾਂ ਕੋਲ ਆਪੋ ਆਪਣੇ ਪੱਖ ਦੇ ਝੰਡੇ ਫੜੇ ਹੋਏ ਹਨ ਤੇ ਦੋਵੇਂ ਧਿਰਾਂ ਦੇ ਲੋਕ ਇੱਕ ਦੂਜੇ ਤੇ ਖੰਭਿਆਂ ਜਾਂ ਫਿਰ ਜੋ ਵੀ ਸੜਕੇ ਤੇ ਪਿਆ ਹੱਥ ‘ਚ ਆਉਂਦਾ ਹੈ ਉਸ ਨਾਲ ਇੱਕ ਦੂਜੇ ‘ਤੇ ਹਮਲਾ ਕਰਦੇ ਹਨ।

ਪੀਲ ਰੀਜਨਲ ਪੁਲਿਸ ਦੀ ਗੱਲ ਕਰੀਏ ਜਿਸ ਦਾ ਪ੍ਰਧਾਨ ਮੰਤਰੀ ਟਰੂਡੋ ਨੇ ਧੰਨਵਾਦ ਕੀਤਾ, ਉਸ ਨੇ ਇਸ ਘਟਨਾ ਨੂੰ ਲੈ ਕੇ ਤਿੰਨ ਬਿਆਨ ਜਾਰੀ ਕੀਤੇ, ਪਹਿਲੇ ਬਿਆਨ ‘ਚ ਦੱਸਿਆ ਹੈ ਕਿ ਉਨ੍ਹਾਂ ਨੂੰ ਹਿੰਦੂ ਸਭਾ ਮੰਦਰ ਦੇ ਬਾਹਰ ਹੋਣ ਵਾਲੇ ਮੁਜ਼ਾਹਰੇ ਦੀ ਜਾਣਕਾਰੀ ਸੀ। ਇਸ ਲਈ ਮੰਦਰ ਅੱਗੇ ਸ਼ਾਤੀ ਅਤੇ ਕਾਨੂੰਨ ਦੀ ਬਹਾਲੀ ਲਈ ਪੁਲਿਸ ਨਫ਼ਰੀ ਵਧਾਈ ਗਈ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਵਿਰੋਧ ਕਰਨ ਵਾਲੇ ਲੋਕ ਮਿਸੀਸਾਗਾ ਵਿੱਚ ਵੀ ਇਕੱਠੇ ਹੋਏ ਹਨ, ਉਥੇ ਵੀ ਪੁਲਿਸ ਮੌਜੂਦ ਹੈ, ਅਸੀਂ ਕੁੱਝ ਕਰ ਰਹੇ ਹਾਂ, ਪੁਲਿਸ ਨੇ ਇਹ ਵੀ ਕਿਹਾ ਕਿ ਹਰ ਕਿਸੇ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਅਤੇ ਮੁਜਾਹਰੇ ਕਰਨ ਦੀ ਆਜਾਦੀ ਹੈ।

 

ਦੂਜੇ ਬਿਆਨ ‘ਚ ਪੁਲਿਸ ਨੇ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ, ਅਤੇ ਅਪੀਲ ਕੀਤੀ ਕਿ ਸੰਘਰਸ ਸ਼ਾਂਤਮਈ ਤੇ ਕਿਸੇ ਨੂੰ ਵੀ ਹਾਨੀ ਪਹੁੰਚਾਏ ਤੋਂ ਬਿਨਾਂ ਕੀਤਾ ਜਾਵੇ, ਜੇ ਕਿਸੇ ਨੂੰ ਕਿਤੇ ਵੀ ਕੋਈ ਗੜਬੜ ਨਜ਼ਰ ਆਉਂਦੀ ਹੈ ਤਾਂ ਪੁਲਿਸ ਨੂੰ 911 ਤੇ ਸੂਚਿਤ ਕੀਤਾ ਜਾਵੇ।

ਤੀਜੇ ਬਿਆਨ ‘ਚ ਪੁਲਿਸ ਨੇ ਦੱਸਿਆ ਕਿ ਹਿੰਸਾ ਫੈਲਾਉਣ ਦੇ ਦੋਸ਼ੀ 3 ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਖਿਲਾਫ ਅਪਰਾਧਕ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਕਆਈਮ ਬ੍ਰਾਂਚ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਿਹਾ ਹੈ ਪਰ ਪੁਲਿਸ ਨੇ ਗ੍ਰਿਫਤਾਰ ਕੀਤੇ ਜਾਣ ਵਾਲੇ ਲੋਕਾਂ ਦੀ ਪਛਾਣ ਨਹੀਂ ਦੱਸੀ।

ਪੁਲਿਸ ਨੇ ਇਹ ਵੀ ਅਜੇ ਨਹੀਂ ਦੱਸਿਆ ਹੈ ਕਿ ਆਖ਼ਰ ਹੋਇਆ ਕੀ ਹੈ ਅਤੇ ਕੀ ਇਸ ਬਾਰੇ ਕੋਈ ਰਸਮੀ ਸ਼ਿਕਾਇਤ ਕੀਤੀ ਗਈ ਹੈ।

ਪੁਲਿਸ ਮੁਖੀ ਨਿਸ਼ਾਨ ਦੁਰਾਇਪਾਹ ਨੇ ਐਕਸ ਉੱਤੇ ਲਿਖਿਆ ਕਿ ‘‘ਅਸੀਂ ਸ਼ਾਂਤਮਈ ਅਤੇ ਸੁਰੱਖਿਅਤ ਤਰੀਕੇ ਨਾਲ ਰੋਸ ਪ੍ਰਗਟਾਵਾ ਕਰਨ ਦੇ ਹਰ ਕਿਸੇ ਦੇ ਅਧਿਕਾਰ ਦਾ ਸਨਮਾਨ ਕਰਦੇ ਹਾਂ, ਪਰ ਅਸੀਂ ਹਿੰਸਾ ਅਤੇ ਅਪਰਾਧਕ ਕਾਰਵਾਈ ਨੂੰ ਸਹਿਣ ਨਹੀਂ ਕਰ ਸਕਦੇ, ਜਿਹੜੇ ਇਸ ਗਤੀਵਿਧੀ ਵਿੱਚ ਸ਼ਾਮਲ ਹਨ, ਉਨ੍ਹਾਂ ਦਾ ਪਿੱਛਾ ਕਰਾਂਗੇ, ਗ੍ਰਿਫ਼ਤਾਰ ਕਰਕੇ, ਚਾਰਜ ਕਰਾਂਗੇ।’’

ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਣ ਨੇ ਇਸ ਘਟਨਾ ਦੀ ਨਿੰਦਿਆ ਕੀਤੀ

ਪ੍ਰੀਮੀਅਰ ਡਗਫੋਕਡ ਤੋਂ ਇਲਾਵਾ NDP ਲੀਡਰ ਜਗਮੀਤ ਸਿੰਘ ਤੇ ਪਾਰਲੀਮੈਂਟ ‘ਚ ਵਿਰੋਧੀ ਧਿਰ ਦੇ ਲੀਡਰ ਪਾਇਰੇ ਪੋਲੀਵਰ ਨੇ ਹਿੰਦੂ ਮੰਦਰ ਦਾ ਬਾਹਰ ਵਾਪਰੀ ਇਸ ਘਟਨਾ ਦੀ ਨਿੰਦਾ ਕਰਦਿਆਂ, ਅਸਹਿਣਸ਼ੀਲ ਦੱਸਦਿਆਂ ਸਾਰੇ ਕੈਨੇਡੀਅਨ ਨਾਗਰਿਕਾਂ ਦੀ ਧਾਰਮਿਕ ਆਜਾਦੀ ਤੇ ਸ਼ਾਂਤਮਈ ਰੋਜ਼ ਮੁਜਾਹਰਿਆਂ ਦੀ ਹਮਾਇਤ ਕੀਤੀ।

ਇਥੋਂ ਤੱਕ ਕਿ ਓਂਟਾਰੀਓ ਸਿੱਖਜ਼ ਅਤੇ ਗੁਰਦੁਆਰਾ ਕੌਂਸਲ ਨੇ ਵੀ ਮੰਦਰ ਬਾਹਰ ਹੋਈ ਝੜ੍ਹਪ ਦੀ ਨਿੰਦਾ ਕੀਤੀ ਹੈ।

ਕੌਂਸਲ ਨੇ ਬਿਆਨ ਵਿੱਚ ਕਿਹਾ ,”ਹਿੰਸਾ ਅਤੇ ਧਮਕਾਉਣਾ ਸਾਡੇ ਭਾਈਚਾਰੇ ਵਿੱਚ ਨਹੀਂ ਹੈ। ਇੱਥੇ ਇੱਕ ਦੂਜੇ ਲਈ ਸ਼ਾਂਤੀ, ਏਕਤਾ ਅਤੇ ਆਪਸੀ ਸਨਮਾਨ ਹੈ, ਧਾਰਮਿਕ ਅਸਥਾਨ ਅਧਿਆਤਮਿਕਤਾ ਅਤੇ ਭਾਈਚਾਰਕ ਏਕਤਾ ਲਈ ਹੁੰਦੇ ਹਨ, ਇੱਥੇ ਹਿੰਸਾ ਅਤੇ ਗੜਬੜੀਆਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਸਾਰਿਆਂ ਨੂੰ ਸਹਿਜ ਵਰਤਣ, ਗੱਲਬਾਤ ਨੂੰ ਅੱਗੇ ਵਧਾਉਣ ਅਤੇ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਾਂ।
ਗੁਰਦੁਆਰਾ ਕੌਂਸਲ ਨੇ ਸਥਾਨਕ ਅਧਿਕਾਰੀਆਂ ਨੂੰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਅਤੇ ਭਾਈਚਾਰੇ ਦੇ ਲੀਡਰਾਂ ਅਤੇ ਮੈਂਬਰਾਂ ਨੂੰ ਇਕੱਠੇ ਹੋਣ ਤੇ ਇੱਕ ਦੂਜੇ ਦਾ ਸਮਰਥਨ ਕਰਨ ਲਈ ਵੀ ਉਤਸ਼ਾਹਿਤ ਕੀਤਾ।

ਹੁਣ ਗੱਲ ਆਉਂਦੀ ਹੈ ਕਿ ਭਾਰਤ ਦਾ ਇਸਤੇ ਕੀ ਪ੍ਰਤੀਕਰਮ ਆਇਆ ਹੈ, ਭਾਰਤ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਅਸੀਂ ਅੱਜ (3 ਨਵੰਬਰ) ਟੋਰਾਂਟੋ ਨੇੜੇ ਹਿੰਦੂ ਸਭਾ ਮੰਦਰ, ਬਰੈਂਪਟਨ ਦੇ ਸਹਿਯੋਗ ਨਾਲ ਆਯੋਜਿਤ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਤੱਤਾਂ ਨੂੰ ਹਿੰਸਕ ਹੁੰਦੇ ਦੇਖਿਆ।’
ਕੈਨੇਡਾ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਕੈਨੇਡੀਅਨ ਅਧਿਕਾਰੀਆਂ ਨੂੰ ਇਹਨਾਂ ਸਮਾਗਮਾਂ ਲਈ ਸਖ਼ਤ ਸੁਰੱਖਿਆ ਉਪਾਅ ਪ੍ਰਦਾਨ ਕਰਨ ਲਈ ਪਹਿਲਾਂ ਹੀ ਬੇਨਤੀ ਕੀਤੀ ਗਈ ਸੀ, ਜੋ ਕਿ ਰੁਟੀਨ ਕੌਂਸਲਰ ਕੰਮ ਹਨ,”।

ਇਹ “ਬਹੁਤ ਨਿਰਾਸ਼ਾਜਨਕ” ਹੈ ਕਿ ਨਿਯਮਤ ਕੌਂਸਲਰ ਕੈਂਪ ਵਿੱਚ ਇਸ ਤਰ੍ਹਾਂ ਦੀਆਂ ਰੁਕਾਵਟਾਂ ਨੂੰ “ਇਜਾਜ਼ਤ” ਦਿੱਤੀ ਜਾ ਰਹੀ ਹੈ। ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਚਿੰਤਤ ਹਾਂ, ਜਿਨ੍ਹਾਂ ਦੀ ਮੰਗ ‘ਤੇ ਅਜਿਹੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।” ਹਾਈ ਕਮਿਸ਼ਨ ਨੇ ਦੱਸਿਆ ਕਿ ਕੌਂਸਲੇਟ ਨੇ ਮੰਦਰ ਵਿੱਚ ਸੁਰੱਖਿਆ ਲਈ ਪਹਿਲਾਂ ਹੀ ਕਿਹਾ ਸੀ ਕਿਉਂਕਿ ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਸਨ।

ਸੰਸਦ ਮੈਂਬਰ ਚੰਦਰ ਆਰੀਆ ਨੇ ਹਿੰਦੂ ਮੰਦਰ ‘ਤੇ ਹਮਲੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”ਕੈਨੇਡਾ ‘ਚ ਖਾਲਿਸਤਾਨੀ ਕੱਟੜਪੰਥੀ ਹੱਦ ਪਾਰ ਕਰ ਗਏ ਹਨ। ਬਰੈਂਪਟਨ ਦੇ ਹਿੰਦੂ ਸਭਾ ਮੰਦਰ ਕੰਪਲੈਕਸ ਵਿਖੇ ਹਿੰਦੂ-ਕੈਨੇਡੀਅਨ ਸ਼ਰਧਾਲੂਆਂ ‘ਤੇ ਖਾਲਿਸਤਾਨੀਆਂ ਦਾ ਹਮਲਾ ਦਰਸਾਉਂਦਾ ਹੈ ਕਿ ਕੈਨੇਡਾ ਵਿਚ ਖਾਲਿਸਤਾਨੀ ਕੱਟੜਪੰਥੀ ਕਿੰਨੇ ਬੇਸ਼ਰਮ ਹੋ ਗਏ ਹਨ।’’

ਇਸ਼ ਦਰਮਿਆਨ ਖਾਲਿਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂੰ ਨੇ ਬਿਆਨ ਜਾਰੀ ਕਰਕੇ ਹਿੰਦੂ ਭਾਈਚਾਰੇ ਤੇ ਸਿੱਖ ਪ੍ਰਦਰਸ਼ਨਕਾਰੀਆਂ ਤੇ ਹਿੰਦੁਸਤਾਨ ਜਿੰਦਾਬਾਦ ਤੇ ਮੋਦੀ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਹਮਲਾ ਕਰਨ ਦਾ ਇਲਜਾਮ ਲਾਉਂਦਿਆਂ ਦੱਸਿਆ ਕਿ ਹਮਲੇ ‘ਚ ਇੱਕ ਸਿੱਖ ਲੀਡਰ ਇੰਦਰਜੀਤ ਸਿੰਘ ਗੋਸਲ ਜ਼ਖਮੀ ਹੋਇਆ ਹੈ, ਪੰਨੂੰ ਨੇ ਪੀਐਮ ਟਰੂਡੋ ਨੂੰ ਵੀ ਅਪੀਲ ਕੀਤੀ ਸਾਰੇ ਭਾਰਤੀ ਕੌਂਸਲਖਾਨਿਆਂ ਨੂੰ ਆਪਣੇ ਪ੍ਰੋਗਰਾਮ ਕਿਸੇ ਵੀ ਧਾਰਮਿਕ ਥਾਂ ਦੀ ਬਜਾਏ ਦੂਤਘਰਾਂ ਚ ਹੀ ਕਰਵਾਏ ਜਾਣ ਦੇ ਹੁਕਮ ਦਿੱਤੇ ਜਾਣ, ਉਨਾਂ ਦਾਅਵਾ ਕੀਤਾ ਕਿ ਦੂਤਘਰ ਵੱਲੋਂ 3 ਨਵੰਬਰ ਨੂੰ ਇਸ ਮੰਦਰ ਸਮੇਤ ਕੈਨੇਡਾ ਦੇ ਵੱਖ ਵੱਖ ਮੰਦਰਾਂ ਵਿੱਚ ਲਾਈਫ ਸਰਟੀਫਿਕੇਤ ਕੈਂਪ ਲਾਏ ਗਏ, 10 ਨਵੰਬਰ ਨੂੰ ਅਜਿਹਾ ਕੈਂਪ ਸਿੱਖ ਹੈਰੀਟੇਜ ਸੈਂਟ ਪਰੈਪਟਨ ‘ਚ ਵੀ ਲਾਇਆ ਜਾ ਰਿਹਾ ਹੈ, ਪੰਨੂੰ ਨੇ MP ਆਰੀਆ ਚੰਦਰਾ ਖਿਲਾਫ ਖਾਲਿਸਤਾਨੀਆਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਘਟਨਾ ਤੋਂ ਬਾਅਦ ਵੈਨਕੂਵਰ ਦੇ ਸਰੀ ‘ਚ ਵੀ ਹਿੰਦੂ ਮੰਦਰ ਦੇ ਸਾਹਮਣੇ ਹਿੰਦੂ ਤੇ ਸਿੱਖ ਦੋਵੇਂ ਧਿਰਾਂ ਨੇ ਨਾਅਰੇਬਾਜੀ ਕੀਤੀ, ਮੰਦਰ ‘ਚ ਭਾਰਤੀ ਕੌਂਸਲਖਾਨੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਸਿੱਖਾਂ ਵੱਲੋਂ 1984 ਸਿੱਖ ਕਤਲੇਆਮ ਦੇ ਬੇਦੋਸ਼ੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠ ਕੀਤਾ ਗਿਆ ਤੇ ਜਿਸ ਵਿੱਚ ਇੰਦਰਾ ਗਾਂਧੀ ਨੂੰ ਖਤਮ ਕੀਤੇ ਜਾਣ ਵਾਲਾ ਦ੍ਰਿਸ਼ ਵੀ ਝਾਕੀ ਰੂਪ ‘ਚ ਦਿਖਾਇਆ ਗਿਆ, ਸਿੱਖਾਂ ਨੇ ਮੰਦਰ ਦੇ ਸਾਹਮਣੇ ਆ ਕੇ ਨਾਅਰੇਬਾਜੀ ਕੀਤੀ ਤੇ ਸਵਾਲ ਚੁੱਕੇ ਕਿ ਅੰਬੈਸੀ ਵੱਲੋਂ ਆਪਣੇ ਕੌਂਸਲਖਾਨੇ ਦੀ ਬਜਾਏ ਮੰਦਰਾਂ ‘ਚ ਇਹ ਪ੍ਰੋਗਰਾਮ ਕਿਉਂ ਕੀਤੇ ਜਾ ਰਹੇ ਹਨ, ਭਾਰਤ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਜਦਕਿ ਹਿੰਦੂ ਭਾਈਚਾਰੇ ਨੇ ਹਿੰਦੂਸਤਾਨ ਜਿੰਦਾਬਾਦ ਦੇ ਨਾਅਰੇ ਲਾਏ।
ਇਸ ਦਰਮਿਆਨ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਤਿਰੰਗੇ ਲਹਿਰਾ ਕੇ ਖਾਲਿਸਤਾਨ ਵਿਰੋਧੀ ਨਾਅਰੇ ਲਾਏ, ਦੋਵਾਂ ਵੱਲੋਂ ਇੱਕ ਦੂਜੇ ਖਿਲਾਫ GO BACK ਦੇ ਨਾਅਰੇ ਲਾਏ, ਇਸ ਦਰਮਿਆਨ ਪੁਲਿਸ ਵੀ ਵੱਡੀ ਗਿਣਤੀ ‘ਚ ਮੌਜੂਦ ਸੀ ਤੇ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ।

ਸੋ ਇਸ ਸਾਰੇ ਘਟਾਕ੍ਰਮ ਦਰਮਿਆਨ ਕਿਤੇ ਵੀ ਇਹ ਸਪੱਸ਼ਟ ਨਹੀਂ ਹੁੰਦਾ ਕਿ ਅਸਲ ਵਿੱਚ ਪੁਆੜੇ ਦੀ ਜੜ ਕੀ ਸੀ ਤੇ ਕਿਸ ਨੇ ਤੇ ਕਿਉਂ ਹਿੰਸਾ ਦੀ ਸ਼ੁਰੂਆਤ ਕੀਤੀ, ਹਾਲਾਂਕਿ ਇਹ ਜ਼ਰੂਰ ਸਪੱਸ਼ਟ ਹੋ ਗਿਆ ਹੈ ਕਿ ਕੈਨੇਡਾ ਸਥਿਤ ਭਾਰਤੀ ਕੌਂਸਲਖਾਨਿਆਂ ਵੱਲੋਂ ਲਾਈਫ ਸਰਟੀਫਿਕੇਟ ਕੈਂਪ ਮੰਦਰਾਂ ਵਿੱਚ ਲਾਏ ਜਾ ਰਹੇ ਸਨ ਤੇ ਸਿੱਖਾਂ ਵੱਲੋਂ ਬਰੈਂਪਟਨ ਸਮੇਤ ਵੱਖ ਵੱਖ ਥਾਵਾਂ ‘ਤੇ ਇਨਾਂ ਦਾ ਵਿਰੋਧ ਕੀਤਾ ਗਿਆ, ਜਿਸ ਦਰਮਿਆਨ ਦੋਵਾਂ ਧਿਰਾਂ ਦੇ ਲੋਕਾਂ ‘ਚ ਤਣਾਅ ਵੇਖਣ ਨੂੰ ਮਿਲਿਆ, ਫਿਲਹਾਲ ਅਸੀਂ RCMP ਤੇ ਪੀਲ ਪੁਲਿਸ ਦੀ ਜਾਂਚ ਤੋਂ ਬਾਅਦ ਖੁਲਾਸੇ ਦੀ ਉਡੀਕ ਕਰ ਰਹੇ ਹਾਂ, ਅਸੀਂ ਕੈਨੇਡਾ ਤੇ ਦੁਨੀਆ ‘ਚ ਕਿਤੇ ਵੀ ਵਸਦੇ ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕਥਿਤ ਸਿਆਸੀ ਲੋਕਾਂ ਦੀਆਂ ਚਾਲਾਂ ਨੂੰ ਬਚਦੇ ਹੋਏ ਆਪਸੀ ਇਤਫਾਕ ਤੇ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕਰਦੇ ਹਾਂ, ਖਾਲਸ ਟੀਵੀ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ –   STF ਦਾ SI ਗ੍ਰਿਫਤਾਰ: ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦਾ ਦੋਸ਼