Punjab

ਸਿੱਧੂ ਪਰਿਵਾਰ ਦੀ ਭਾਜਪਾ ਨਾਲ ਵਧੀ ਨੇੜਤਾ! ਪਤਨੀ ਤੇ ਧੀ ਨੇ ਭਾਜਪਾ ਆਗੂ ਨਾਲ ਕੀਤੀ ਮੁਲਾਕਾਤ, ਕਾਂਗਰਸ ਤੋਂ ਬਣਾਈ ਦੂਰੀ

ਬਿਉਰੋ ਰਿਪੋਰਟ: ਪੰਜਾਬ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨੂੰ ਮਿਲਣ ਪਹੁੰਚੇ ਹਨ। ਇਸ ਤੋਂ ਬਾਅਦ ਪੰਜਾਬ ਕਾਂਗਰਸ ’ਚ ਹਲਚਲ ਸ਼ੁਰੂ ਹੋ ਗਈ। ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੇ ਲੰਬੇ ਸਮੇਂ ਤੋਂ ਕਾਂਗਰਸ ਤੋਂ ਦੂਰੀ ਬਣਾਈ ਰੱਖੀ ਹੈ। ਨਵਜੋਤ ਸਿੰਘ ਸਿੱਧੂ ਸਿਆਸਤ ਛੱਡ ਕੇ ਕ੍ਰਿਕਿਟ ਵਿੱਚ ਰੁੱਝੇ ਹੋਏ ਹਨ। ਇਨ੍ਹੀਂ ਦਿਨੀਂ ਸਾਬਕਾ ਕਾਂਗਰਸ ਪ੍ਰਧਾਨ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ’ਚ ਹਨ।

ਦਰਅਸਲ, ਡਾ: ਨਵਜੋਤ ਕੌਰ ਸਿੱਧੂ ਆਪਣੀ ਬੇਟੀ ਰਾਬੀਆ ਨਾਲ ਸਮੁੰਦਰੀ ਨਿਵਾਸ ਪਹੁੰਚੀ ਸੀ। ਜਿੱਥੇ ਉਨ੍ਹਾਂ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ।

Image

ਤਰਨਜੀਤ ਸਿੰਘ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀਆਂ ਹਨ। ਇਸ ਪੋਸਟ ਦੇ ਨਾਲ ਉਨ੍ਹਾਂ ਲਿਖਿਆ- ਸਮੁੰਦਰੀ ਹਾਊਸ ਵਿਖੇ ਡਾ: ਨਵਜੋਤ ਕੌਰ ਸਿੱਧੂ ਨੂੰ ਮਿਲਣਾ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਵਿਕਾਸ ਮੁੱਦਿਆਂ ’ਤੇ ਚਰਚਾ ਕਰਨਾ ਇੱਕ ਸੁਖਦ ਅਨੁਭਵ ਰਿਹਾ।

ਸਿਆਸਤ ਤੋਂ ਕਿਉਂ ਦੂਰ ਹੋਇਆ ਸਿੱਧੂ ਪਰਿਵਾਰ

ਵਿਧਾਨ ਸਭਾ ਚੋਣਾਂ 2022 ਹਾਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਅਚਾਨਕ ਜੇਲ੍ਹ ਜਾਣਾ ਪਿਆ। ਉਨ੍ਹਾਂ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। 2023 ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਰਾਜਨੀਤੀ ਤੋਂ ਦੂਰ ਰਿਹਾ। ਲੋਕ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਾਂ ਆਉਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਕਿਤੇ ਵੀ ਪ੍ਰਚਾਰ ਨਹੀਂ ਕੀਤਾ। ਇੰਨਾ ਹੀ ਨਹੀਂ ਉਹ ਕਾਂਗਰਸ ਦੀਆਂ ਮੀਟਿੰਗਾਂ ਤੋਂ ਵੀ ਦੂਰ ਰਹੇ ਹਨ।