India

ਸ਼੍ਰੀਨਗਰ ਦੇ ਸੰਡੇ ਬਾਜ਼ਾਰ ’ਚ ਗ੍ਰੇਨੇਡ ਧਮਾਕਾ! 12 ਜ਼ਖਮੀ, ਕੱਲ੍ਹ ਫੌਜ ਨੇ ਇੱਥੇ ਮਾਰਿਆ ਸੀ ਇੱਕ ਅੱਤਵਾਦੀ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ’ਚ ਸ਼੍ਰੀਨਗਰ ਦੇ ਟੂਰਿਸਟ ਰਿਸੈਪਸ਼ਨ ਸੈਂਟਰ (ਟੀਆਰਸੀ) ਨੇੜੇ ਸੰਡੇ ਬਾਜ਼ਾਰ ’ਚ ਐਤਵਾਰ ਨੂੰ ਗ੍ਰਨੇਡ ਧਮਾਕਾ ਹੋਇਆ। ਇਸ ਧਮਾਕੇ ਵਿੱਚ 12 ਲੋਕ ਜ਼ਖਮੀ ਹੋ ਗਏ ਹਨ। ਘਟਨਾ ਤੋਂ ਤੁਰੰਤ ਬਾਅਦ ਹਮਲਾਵਰਾਂ ਨੂੰ ਫੜਨ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ।

ਪਿਛਲੇ ਦੋ ਸਾਲਾਂ ਵਿੱਚ ਸ੍ਰੀਨਗਰ ਵਿੱਚ ਲਗਾਤਾਰ ਦੋ ਦਿਨਾਂ ਵਿੱਚ ਇਹ ਦੂਜੀ ਅਤਿਵਾਦੀ ਘਟਨਾ ਹੈ। 2 ਨਵੰਬਰ ਨੂੰ ਖਾਨਯਾਰ ਇਲਾਕੇ ’ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇੱਕ ਘਰ ਵਿੱਚ 2 ਤੋਂ 3 ਅੱਤਵਾਦੀ ਲੁਕੇ ਹੋਏ ਸਨ। ਫੌਜ ਨੇ ਘਰ ’ਤੇ ਬੰਬਾਰੀ ਕੀਤੀ। ਇਸ ’ਚ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ। ਘਟਨਾ ਵਾਲੀ ਥਾਂ ਤੋਂ ਅੱਤਵਾਦੀ ਦੀ ਲਾਸ਼ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਇਸ ਮੁਕਾਬਲੇ ’ਚ 4 ਜਵਾਨ ਜ਼ਖਮੀ ਵੀ ਹੋਏ ਸਨ।

ਉੱਧਰ ਸ਼ਨੀਵਾਰ ਨੂੰ ਅਨੰਤਨਾਗ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਦੋ ਅੱਤਵਾਦੀ ਮਾਰੇ ਗਏ। ਇੱਕ ਦੀ ਪਛਾਣ ਜ਼ਾਹਿਦ ਰਾਸ਼ਿਦ ਵਜੋਂ ਹੋਈ ਹੈ। ਦੂਜੇ ਦੀ ਪਛਾਣ ਅਰਬਾਜ਼ ਅਹਿਮਦ ਮੀਰ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੂੰ ਪਾਕਿਸਤਾਨ ਵਿੱਚ ਸਿਖਲਾਈ ਦਿੱਤੀ ਗਈ ਸੀ।

ਨਿਰਦੋਸ਼ਾਂ ’ਤੇ ਹਮਲਾ ਕਰਨਾ ਜਾਇਜ਼ ਨਹੀਂ – CM ਅਬਦੁੱਲਾ

ਘਟਨਾ ’ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਘਾਟੀ ਦੇ ਕੁਝ ਹਿੱਸਿਆਂ ’ਚ ਹਮਲਿਆਂ ਅਤੇ ਮੁਠਭੇੜਾਂ ਦੀਆਂ ਖਬਰਾਂ ਸੁਰਖੀਆਂ ’ਚ ਹਨ।ਅੱਜ ਸ਼੍ਰੀਨਗਰ ਦੇ ਸੰਡੇ ਬਾਜ਼ਾਰ ’ਚ ਬੇਕਸੂਰ ਦੁਕਾਨਦਾਰਾਂ ’ਤੇ ਗ੍ਰਨੇਡ ਹਮਲੇ ਦੀ ਖ਼ਬਰ ਹੈ। ਇਹ ਨਿਰਦੋਸ਼ ਨਾਗਰਿਕਾਂ ਲਈ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ, ਸੁਰੱਖਿਆ ਪ੍ਰਣਾਲੀ ਨੂੰ ਜਲਦੀ ਤੋਂ ਜਲਦੀ ਹਮਲਿਆਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਪਣੀ ਜ਼ਿੰਦਗੀ ਜੀ ਸਕਣ।