ਬਿਉਰੋ ਰਿਪੋਰਟ: ਅੱਜ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ਵ ਭਰ ਦੇ ਘੁਰੂ-ਘਰਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ, ਸਿੱਖ ਸੰਸਥਾਵਾਂ ਸਿੱਖ ਨੌਜਵਾਨਾਂ, ਪੰਥ ਦਰਦੀ ਸੂਝਵਾਨਾਂ ਵਿਦਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਵੇਕ ਬੁੱਧੀ ਨਾਲ ਸੁਚੇਤ ਹੋ ਕੇ ਪੰਥ ਵਿਰੋਧੀ ਮੁਹਿੰਮ ਦਾ ਡਟ ਕੇ ਮੁਕਾਬਲਾ ਕਰਨ ਲਈ ਸੇਸ਼ਲ ਮੀਡੀਏ ਦਾ ਪ੍ਰਯੋਗ ਕਰਨ ਤੇ ਸਿੱਖ ਪੰਥ ਦੀਆਂ ਸਰਬ ਕਲਿਆਣਕਾਰੀ, ਬੇਮਿਸਾਲ ਤੇ ਲਾਸਾਨੀ ਸੇਵਾਵਾਂ ਨੂੰ ਦੁਨੀਆਂ ਸਾਹਮਣੇ ਰੱਖਣ। ਜਥੇਦਾਰ ਨੇ ਕਿਹਾ ਕਿ ਸਾਨੂੰ ਇਸ ਪੱਖੋਂ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਭਾਰਤ ਤੇ ਵਿਸ਼ਵ ਭਰ ਵਿਚ ਕੁਝ ਖਾਸ ਧਿਰਾਂ ਵਲੋਂ ਸੋਸ਼ਲ ਮੀਡੀਏ ਉਪਰ ਸਿੱਖ ਕੌਮ ਪ੍ਰਤੀ ਨਫ਼ਰਤ ਭਰਿਆ ਮਾਹੌਲ ਸਿਰਜਣ ਲਈ ਨਾਕ ਸਾਜਿਬਾਂ ਰਜ਼ੀਆਂ ਜਾ ਰਹੀਆਂ ਹਨ ਤੇ ਹੋਰ ਸੈਰ ਨਾਲ ਨਫਰਤੀ ਸਦੇਸਾਂ ਨੂੰ ਫੈਲਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਲਾਹ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿੱਖ ਪੰਥ ਦਾ ਭਵਿਖ ਪੰਜਾਬ ਖਿੱਤੇ ਨਾਲ ਬਾ-ਵਾਸਤਾ ਹੈ। ਪਰ ਵਰਤਮਾਨ ਸਮੇਂ ਇਥੋਂ ਦਾ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਤੇ ਆਰਥਿਕ ਤਾਣਾ-ਬਾਣਾ ਬਹੁਤ ਹੀ ਚਿੰਤਾਜਨਕ ਸਥਿਤੀ ਵਿੱਚ ਪੁਜ ਚੁਕਾ ਹੈ। ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਤਜ਼ਾਰਤ ਦਾ ਭਰਮ ਬਹੁਤ ਹੀ ਧੁੰਦਲਾ ਬਣ ਚੁੱਕਾ ਹੈ। ਨਸ਼ਿਆਂ ਦੇ ਸੇਵਨ ਨੇ ਪੰਜਾਬ ਦੇ ਨੌਜਵਾਨਾਂ ਉੱਤੇ ਕਹਿਰ ਢਾਹਿਆ ਹੈ। ਇੱਥੋਂ ਦੀਆਂ ਰਾਜਨੀਤਕ ਧਿਰਾਂ ਦੀ ਰੂਹਾਨੀ ਤੌਰ ਉਤੇ ਗੁਰੂ ਗ੍ਰੰਥ-ਗੁਰੂ ਪੰਥ ਪ੍ਰਤੀ ਬੇਲਾਗ ਵਫ਼ਾਦਾਰੀ ਤੇ ਇਮਾਨ ਗਹਿਰੇ ਸੰਕਟ ਵਿੱਚ ਫਸਿਆ ਹੋਇਆ ਹੈ। ਸਿੱਖ ਦੀ ਪਹਿਲੀ ਵਫਾਦਾਰੀ ਅਕਾਲ ਪੁਰਖ ਤੋਂ ਆਪਣੇ ਗੁਰੂ ਨਾਲ ਹੈ, ਹੋਰ ਕਿਸੇ ਦੁਨਿਆਵੀ ਤਾਜ ਜਾਂ ਤਖ਼ਤ ਨਾਲ ਨਹੀਂ। ਗੁਰੂ ਸਾਹਿਬਾਨ ਨੇ ਸਾਨੂੰ ਇਸ ਵਿਚਾਰਧਾਰਾ ਦੇ ਧਾਰਨੀ ਬਣਾਇਆ ਹੈ। ਸਿੱਖ ਸਦਾਚਾਰ ਵਿੱਚ ਦਵੰਧ ਨੂੰ ਕੋਈ ਥਾਂ ਨਹੀਂ ਹੈ। ਦਵੰਧ ਦਾ ਸ਼ਿਕਾਰ ਹੋ ਜਾਣ ਕਰਕੇ ਸਿੱਖ ਰਾਜਨੀਤੀ ਅੱਜ ਹਾਸ਼ੀਏ ’ਤੇ ਹੈ ਅਤੇ ਇਸ ਦੇ ਭਵਿੱਖ ’ਤੇ ਪ੍ਰਸ਼ਨ-ਚਿੰਨ ਲੱਗ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਤੇ ਪ੍ਰਪਰਾਵਾਂ ਦੀ ਮੌਲਿਕਤਾ ਨੂੰ ਜੋ ਖੋਰਾ ਲੱਗਿਆ ਹੈ, ਉਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਕੁਦਰਤੀ ਸਰੋਤਾਂ ਤੇ ਬੁਨਿਆਦੀ ਅਧਿਕਾਰਾਂ ਦੇ ਜੇ ਮੁੱਦੇ ਕਦੇ ਪੰਥਕ ਰਾਜਨੀਤੀ ਦੇ ਕੇਂਦਰ ਵਿੱਚ ਹੁੰਦੇ ਸਨ, ਉਨ੍ਹਾਂ ਨੂੰ ਵਿਸਾਰ ਦਿੱਤਾ ਗਿਆ ਹੈ। ਪੰਥਕ ਰਾਜਨੀਤੀ ਦਾ ਇਹ ਏਜੰਡਾ ਬੀਤੇ ਸਮੇਂ ਦੀ ਗੱਲ ਬਣ ਚੁੱਕਾ ਹੈ ਤੇ ਪੰਥਕ ਹਿੱਤਾਂ ਤੇ ਪ੍ਰੰਪਰਾਵਾਂ ਉਤੇ ਪਹਿਰੇਦਾਰੀ ਕਰਨ ਦੀ ਥਾਂ ਰਾਜਨੀਤਕ ਹਿੱਤ ਪਿਆਰੇ ਬਣ ਚੁੱਕੇ ਹਨ। ਅਜਿਹੀ ਦਸ਼ਾ ਵਿਚ ਐਸੀ ਸਿੱਖ ਰਾਜਨੀਤੀ ਦੀ ਪੁਨਰ ਸੁਰਜੀਤੀ ਦੀ ਲੋੜ ਹੈ ਜਿਹੜੀ ਪੰਜਾਬ ਦੇ ਸਰਜ਼ਮੀਨ ਅਤੇ ਗੁਰੂ ਗ੍ਰੰਥ-ਗੁਰੂ ਪੰਥ ਪ੍ਰਤੀ ਸਮਰਪਿਤ ਹੋਏ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਿਨ੍ਹਾਂ ਉਦੇਸ਼ਾਂ ਤੇ ਆਦਰਸ਼ਾਂ ਨੂੰ ਲੈ ਕੇ ਹੋਈ ਸੀ, ਉਸ ਨੂੰ ਮੁੜ ਆਪਣੇ ਮੂਲ ਨਾਲ ਜੁੜਣ ਤੇ ਡੂੰਘੇ ਆਤਮ ਚਿੰਤਨ ਦੀ ਲੋੜ ਹੈ ਤਾਂ ਜੋ ਹੋਈ ਉਕਾਈ ਨੂੰ ਸਮਝ ਕੇ ਸੁਧਾਈ ਹੋ ਸਕੇ।
ਪੰਜਾਬ ਨੂੰ ਚੜ੍ਹਦੀ ਕਲ੍ਹ ਵੱਲ ਲਿਜਾਣ ਲਈ ਆਪਸੀ ਏਕੇ ਦੀ ਲੋੜ
ਜਥੇਦਾਰ ਨੇ ਕਿਹਾ ਕਿ ਗੁਰਾਂ ਦੇ ਨਾਂਅ ’ਤੇ ਵਸਦੇ ਪੰਜਾਬ ਨੂੰ ਚੜ੍ਹਦੀ ਕਲ੍ਹ ਵੱਲ ਲਿਜਾਣ ਲਈ ਆਪਸੀ ਏਕੇ ਦੀ ਲੋੜ ਹੈ। ਕੌਮ ਵਿੱਚ ਪਾਰਟੀ ਤੇ ਇਸ ਦੇ ਆਗੂਆਂ ਪ੍ਰਤੀ ਬਣ ਚੁੱਕੇ ਬੇ-ਭਰੋਸਤੀ ਦੇ ਆਲਮ ਨੂੰ ਖ਼ਤਮ ਕਰਨ ਲਈ ਪੰਥਕ ਆਗੂਆਂ ਨੂੰ ‘ਪੰਥ ਵੱਸੇ ਮੈਂ ਉੱਜੜਾਂ’ ਦੀ ਸੋਚ ਨੂੰ ਅਪਣਾਉਣਾ ਸਮੇਂ ਦੀ ਮੁੱਖ ਮੰਗ ਹੈ। ਪੰਥਕ ਸ਼ਕਤੀ ਦੇ ਜਾਹੋ-ਜਲਾਲ ਦਾ ਪ੍ਰਗਟਾਵਾ ਕਰਨ ਲਈ ਸਾਨੂੰ ਛੋਟੇ-ਛੋਟੇ ਧੜਿਆਂ ਵਿੱਚ ਵੱਡੀ ਪੰਥਕ ਸ਼ਕਤੀ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਵਾਸਤੇ ਹਰ ਪ੍ਰਕਾਰ ਦੇ ਭਿੰਨ-ਭੇਦ ਤੇ ਮਤ-ਭੇਦ ਮਿਟਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋਣ ਦੀ ਲੋੜ ਹੈ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲ ਕੇ ਨਿਰਾਲੇ ਪੰਥ ਦੇ ਆਦਰਸ਼ਕ ਅਸੂਲਾਂ ਅਨੁਸਾਰੀ ਰਾਜਨੀਤੀ ਦੀ ਖੁਸ਼ਬੇਟੀ ਬਿਖੇਰਨ ਦੀ ਚੁਣੋਤੀ ਦਰਕਾਰ ਹੈ।
ਨੌਜਵਾਨਾਂ ਦੇ ਪ੍ਰਵਾਸ ‘ਤੇ ਜਤਾਈ ਚਿੰਤਾ
ਉਨ੍ਹਾਂ ਕਿਹਾ ਹੈ ਕਿ ਸਿਧਾਂਤਹੀਣ ਹੋਈ ਸਿੱਖ ਰਾਜਨੀਤੀ ਦਾ ਇਹ ਸੁਆਰਥੀ ਨਜ਼ਰੀਆਂ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਦਾ ਸਬੱਬ ਨਹੀਂ ਰਿਹਾ, ਜਿਸ ਕਾਰਨ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਆਪਣਾ ਭਵਿੱਖ ਹਰੇਨੇ ਵਿੱਚ ਦਿਖਾਈ ਦੇ ਰਿਹਾ ਹੈ। ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ ਰੁਜ਼ਗਾਰ ਦੇ ਮੌਕੇ ਘੱਟ ਜਾਣ ਅਤੇ ਜੀਣ-ਪੀਣ ਦੀਆਂ ਸੰਭਾਵਨਾਵਾਂ ਦੀ ਅਨਿਸਚਿਤਤਾ ਕਾਰਨ ਸਿੱਖ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਜਾਣ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਇਸ ਦੇ ਉਲਟ ਪੰਜਾਬ ਵਿੱਚ ਬਾਹਰੀ ਰਾਜਾਂ ਵਿਚੋਂ ਹੋ ਰਹੇ ਪ੍ਰਵਾਸ ਕਾਰਨ ਪੰਜਾਬ ਦਾ ਡੈਮੋਗ੍ਰਾਫਿਕ ਢਾਂਚਾ ਬਦਲਣ ਨਾਲ ਇੱਕੋ-ਇੱਕ ਸਿੱਖ ਬਹੁਗਿਣਤੀ ਵਾਲੇ ਸੂਬੇ ਅੰਦਰ ਵੀ ਅਸੀਂ ਘੱਟ-ਗਿਣਤੀ ਵਿੱਚ ਚਲੇ ਜਾਵਾਂਗੇ, ਜਿਸ ਦੇ ਭਵਿੱਖ ਵਿੱਚ ਭਿਆਨਕ ਨਤੀਜੇ ਭੁਗਤਣੇ ਪੈਣਗੇ। ਇਸ ਲਈ ਸੰਭਲਣ ਤੇ ਜਾਗਣ ਦੀ ਲੋੜ ਹੈ।
ਸਿੱਖ ਆਗੂਆਂ ਨੂੰ ਮਿੱਥ ਕੇ ਕਤਲ ਕਰਨ ‘ਤੇ ਜਤਾਈ ਚਿੰਤਾ
ਜਥੇਦਾਰ ਨੇ ਇਸ ਸੰਦੇਸ਼ ਵਿੱਚ ਕੈਨੇਡਾ ਦੀ ਧਰਤੀ ’ਤੇ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਤੇ ਹੋਰ ਸਿੱਖ ਆਗੂਆਂ ਦੇ ਕਤਲ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵਪਰ ਰਹੇ ਵਰਤਾਰੇ ਵੀ ਪੰਥ ਲਈ ਚਿੰਤਾ ਪੈਦਾ ਕਰਨ ਵਾਲੇ ਹਨ। ਜਿੱਥੇ ਇਕ ਪਾਸੇ ਸਿੱਖਾਂ ਦੀਆਂ 80 ਫੀਸਦੀ ਕੁਰਬਾਨੀਆਂ ਨਾਲ ਅਜ਼ਾਦ ਹੋਏ ਭਾਰਤ ਵਿੱਚ ਸਿੱਖ ਹੱਕਾਂ ਤੇ ਮੁੱਦਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕਰਨ ’ਤੇ ਪੰਥਕ ਹਿਤਾਂ ਨੂੰ ਉਭਾਰਨ ਵਾਲਿਆਂ ਨੂੰ ਅੱਤਵਾਦੀ ਐਲਾਨ ਕੇ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਿਸਾਲ ਦੇ ਤੌਰ ’ਤੇ ਵਿਦੇਸ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਰਿਪੂਦਮਨ ਸਿੰਘ ਮਲਿਕ ਦੇ ਹੋਏ ਕਤਲ ਖ਼ਤਰਨਾਕ ਤੇ ਚਿੰਤਾਜਨਕ ਰੁਝਾਨ ਹਨ।
‘ਸਾਡੇ ਧਰਮ ਤੇ ਸੰਸਥਾਵਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਵਧ ਰਹੀ’
ਉਨ੍ਹਾਂ ਕਿਹਾ ਕਿ ਸਾਡੇ ਧਰਮ ਤੇ ਸੰਸਥਾਵਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਵਧ ਰਹੀ ਹੈ। ਬਹੁਤ ਅਫਸੋਸ ਹੈ ਕਿ ਪੰਜਾਬ ਤੋਂ ਬਾਹਰ ਇਤਿਹਾਸਕ ਸਿੰਘ ਗੁਰਧਾਮਾਂ ਜਿਵੇਂ ਕਿ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਉੱਤਰ ਪ੍ਰਦੇਸ਼, ਗੁਰਦੁਆਰਾ ਮੰਗੂ ਮੱਠ ਉੜੀਸਾ, ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ। ਸਿੱਖਾਂ ਵਲੋਂ ਵਾਰ-ਵਾਰ ਆਵਾਜ਼ ਉਠਾਉਣ ਤੇ ਵੀ ਸਰਕਾਰਾਂ ਨੇ ਇਸ ਧੱਕੇਸ਼ਾਹੀ ਨੂੰ ਰੋਕਣ ਦੀ ਲੋੜ ਨਹੀਂ ਸਮਝੀ ਬਲਾਕ ਇਹ ਅਮਲ ਬੇਰੋਕ ਅੱਗੇ ਵੱਧ ਰਿਹਾ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੰਦੀ ਛੋੜ ਦਿਵਸ ਸਾਡੇ ਲਈ ਹਕੂਮਤੀ ਜਬਰ-ਜ਼ੁਲਮ ਵਿਰੁੱਧ ਅਮੁੱਕ ਸੰਘਰਸ਼ ਅਤੇ ਕੋਮ ਦੀਆਂ ਭਵਿੱਖੀ ਘਾੜਤਾਂ ਘੜਨ ਦੇ ਦਿਹਾੜੇ ਵਜੋਂ ਵੀ ਪ੍ਰਦਾਨਿਆ ਗਿਆ ਹੈ। ਅੱਜ ਵੀ ਬੰਦੀ ਛੋੜ ਦਿਵਸ ਸਾਡੇ ਲਈ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਾਵਨ ਯਾਦ ਵਿੱਚ ਆਪਣੀਆਂ ਸੁਰਤਾਂ ਨੂੰ ਬਲਵਾਨ ਕਰਨ ਦਾ ਮੇਲ-ਮੌਕਾ ਬਣਦਾ ਹੈ ਉੱਥੇ ਸਮਕਾਲੀ ਪੰਥਕ ਸਮੱਸਿਆਵਾਂ, ਚੁਣੌਤੀਆਂ ਅਤੇ ਸੰਭਾਵਨਾਵਾਂ ਦਾ ਮੰਥਨ ਕਰਕੇ ਭਵਿਖ ਵੱਲ ਤੁਰਨ ਲਈ ਰਾਹ ਦਿਸੇਰਾ ਬਣਦਾ ਹੈ।