Punjab Religion

ਜਥੇਦਾਰ ਸਾਹਿਬ ਲਈ ਬਣਾਈ 11 ਮੈਂਬਰੀ ਸਲਾਹਕਾਰ ਕਮੇਟੀ ’ਤੇ SGPC ਪ੍ਰਧਾਨ ਦਾ ਸਪੱਸ਼ਟੀਕਰਨ

ਬਿਉਰੋ ਰਿਪੋਰਟ: SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਲਈ ਬਣਾਈ 11 ਮੈਂਬਰੀ ਸਲਾਹਕਾਰ ਕਮੇਟੀ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ 11 ਮੈਂਬਰੀ ਕਮੇਟੀ ਸਿਰਫ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਵਾਲੇ ਮਸਲਿਆਂ ਦੇ ਸਰਲੀਕਰਨ ਲਈ ਬਣਾਈ ਗਈ ਹੈ, ਬੋਰਡ ਦਾ ਮਕਸਦ ਵੱਖ-ਵੱਖ ਮਾਮਲਿਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਲਾਹ ਦੇਣਾ ਹੈ ਅੰਤਿਮ ਫੈਸਲਾ ਜਥੇਦਾਰ ਸਾਹਿਬਾਨਾਂ ਨੇ ਹੀ ਲੈਣਾ ਹੈ । ਪਰ ਵਿਰੋਧੀ ਧਿਰ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕਰੇ, ਜਥੇਦਾਰ ਸਾਹਿਬ ਦੀ ਜਾਂ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਨਾ ਤਾਂ ਚੈਲੰਜ ਕੀਤਾ ਗਿਆ ਹੈ ਤੇ ਨਾਂ ਹੀ ਕੀਤਾ ਜਾ ਸਕੇਗਾ, ਅਸੀਂ ਭਲੀ ਭਾਂਤ ਇਹ ਗੱਲ ਸਮਝਦੇ ਹਾਂ ਕਿ ਅਕਾਲ ਤਖਤ ਸਾਹਬਿ ਨਾਲ ਮੱਥਾ ਲਾਉਣ ਵਾਲੇ ਹਮੇਸ਼ਾ ਖ਼ਤਮ ਹੁੰਦੇ ਰਹੇ ਹਨ

ਇਸ ’ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸ਼ਿਕਾਇਤ ਬੋਰਡ ਹਰ ਵਕਤ ਭਰਿਆ ਰਹਿੰਦਾ ਹੈ, ਇਸੇ ਲਈ 11 ਮੈਂਬਰੀ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਹੈ, ਪ੍ਰਕਿਰਿਆ ਮੁਤਾਬਕ ਜਥੇਦਾਰ ਸਾਹਿਬਾਨ ਵੱਲੋਂ ਸ਼ਿਕਾਇਤ ਸਲਾਹਕਾਰ ਬੋਰਡ ਨੂੰ ਦਿੱਤੀ ਜਾਵੇਗੀ, 11 ਮੈਂਬਰੀ ਮੈਂਬਰ ਆਪਣੀ ਸਿਫ਼ਾਰਿਸ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ ਫਿਰ ਅੰਤਿਮ ਫੈਸਲਾ ਜਥੇਦਾਰ ਸਾਹਿਬਾਨ ਹੀ ਕਰਨਗੇ

ਦਰਅਸਲ ਪਿਛਲੇ ਦਿਨੀ SGPC ਦੇ ਨਵੇਂ ਪ੍ਰਧਾਨ ਦੀ ਚੋਣ ਵਾਲੇ ਦਿਨ ਐੱਸਜੀਪੀਸੀ ਪ੍ਰਧਾਨ ਵੱਲੋਂ ਪੇਸ਼ ਕੀਤੇ ਮਤਿਆਂ ਚ ਇੱਕ ਮਤਾ 11 ਮੈਂਬਰੀ ਸਲਾਹਕਾਰ ਬੋਰਡ ਦੇ ਗਠਨ ਦਾ ਸੀ, ਜਿਸ ਵਿੱਚ ਨਵੇਂ ਮੈਂਬਰ ਡਾਕਟਰ ਇੰਦਰਜੀਤ ਸਿੰਘ ਗੋਗੋਆਣੀ ਨੂੰ ਸ਼ਾਮਿਲ ਕੀਤਾ ਗਿਆ ਸੀ, ਦੱਸਿਆ ਗਿਆ ਕਿ ਬੋਰਡ ਦਾ ਗਠਨ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਮਸਲਿਆਂ ਦਾ ਸਰਲੀਕਰਨ ਕਰਨ ਵਾਸਤੇ ਕੀਤਾ ਗਿਆ ਹੈ, ਜਿਸਤੋਂ ਬਾਅਦ ਸਭ ਤੋਂ ਪਹਿਲੀ ਦਿੱਲੀ ਕਮੇਟੀ ਨੇ ਸਵਾਲ ਚੁੱਕੇ ਸਨ ਕਿ ਇਸ ਬੋਰਡ ਦਾ ਗਠਨ ਜਥੇਦਾਰਾਂ ਦੇ ਪਰ ਕੁਤਰਨ ਦੀ ਕਾਰਵਾਈ ਹੈ।

ਜਥੇਦਾਰਾਂ ਤੱਕ ਕਿਹੜਾ ਮਾਮਲਾ ਪੁੱਜਿਆ ਕਰੇਗਾ, ਇਸਦਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਨਿਯੁਕਤ ਬੋਰਡ ਕਰਿਆ ਕਰੇਗਾ। ਵੱਖ ਵੱਖ ਤਰਾਂ ਦੇ ਸਵਾਲ ਉੱਠਣ ਲੱਗੇ ਸਨ ਜਿਸਤੋਂ ਬਾਅਦ ਬੰਦੀ ਛੋੜ ਦਿਵਸ ਮੌਕੇ ਪ੍ਰਧਾਨ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ।

ਇਹ ਵੀ ਪੜ੍ਹੋ –  ਯੂਰਪ ਦਾ ਮਸ਼ਹੂਰ ਸ਼ਹਿਰ ਹੜ੍ਹਾਂ ਦੀ ਮਾਰ ਹੇਠ! ਮਚਾਈ ਭਿਆਨਕ ਤਬਾਹੀ