India International Khetibadi Punjab

ਲਾਹੌਰ ’ਚ ਪ੍ਰਦੂਸ਼ਣ ਨੇ ਤੋੜੇ ਰਿਕਾਰਡ, AQI 700 ਪਾਰ! ਚੜ੍ਹਦੇ ਪੰਜਾਬ ਨੂੰ ਦੱਸਿਆ ਜ਼ਿੰਮੇਵਾਰ, CM ਮਾਨ ਨੂੰ ਲਿਖੀ ਚਿੱਠੀ

ਬਿਉਰੋ ਰਿਪੋਰਟ: ਪਹਿਲਾਂ ਦਿੱਲੀ NCR ਵਿੱਚ ਪ੍ਰਦੂਸ਼ਣ (Pollution) ਦੇ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤੇ ਹੁਣ ਲਹਿੰਦੇ ਪੰਜਾਬ ਨੇ ਵੀ ਲਾਹੌਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣ ’ਤੇ ਚੜ੍ਹਦੇ ਪੰਜਾਬ ’ਤੇ ਸਵਾਲ ਚੁੱਕੇ ਹਨ। ਪਾਕਿਸਤਾਨ ਦਾ ਲਾਹੌਰ ਸ਼ਹਿਰ ਪਿਛਲੇ ਕੁਝ ਦਿਨਾਂ ਤੋਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਹਿਰ ਵਿੱਚ AQI ਲੈਵਲ 700 ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ ਲਾਹੌਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਕਦੇ ਵੀ ਇਸ ਹੱਦ ਤੱਕ ਨਹੀਂ ਵਧਿਆ ਸੀ।

ਲਹਿੰਦੇ ਪੰਜਾਬ ਸਰਕਾਰ ਦੀ ਮੁਤਾਬਿਕ ਲਾਹੌਰ (Lahore) ਨੂੰ ਪ੍ਰਭਾਵਿਤ ਕਰਨ ਵਾਲੇ ਧੂੰਏਂ ਦਾ ਵੱਡਾ ਹਿੱਸਾ ਭਾਰਤ ਵਿੱਚ ਸਾੜੀ ਜਾਣ ਵਾਲੀ ਪਰਾਲੀ ਤੋਂ ਆ ਰਿਹਾ ਹੈ। ਪੰਜਾਬ ਦੀ ਸੂਬਾ ਸਰਕਾਰ ਨੇ ਲਾਹੌਰ ਦੇ ਘੱਟੋ-ਘੱਟ 10 ਖੇਤਰਾਂ ਵਿੱਚ ਗਰੀਨ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਜਿਸ ਮੁਤਾਬਿਕ ਰਿਕਸ਼ਾ, ਹੈਵੀ ਟ੍ਰੈਫ਼ਿਕ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਜਾਵੇਗੀ।

ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ (Maryam Nawaz Sharif) ਨੇ ਕਿਹਾ ਹੈ ਕਿ ਉਹ ਪ੍ਰਦੂਸ਼ਣ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਭਾਰਤ ਨਾਲ ਜਲਵਾਯੂ ਕੂਟਨੀਤੀ ਚਾਹੁੰਦੇ ਹਨ। ਇਸ ਦੇ ਮੁਤਲਕ ਉਨ੍ਹਾਂ ਦੇ ਵੱਲੋਂ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਵੀ ਲਿਖਿਆ ਹੈ।

ਪਾਕਿਸਤਾਨ ਦੇ ਪੰਜਾਬ ਸੂਬੇ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੜ੍ਹਦੇ ਪੰਜਾਬ ਦਾ ਪ੍ਰਦੂਸ਼ਣ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਸ ਦੇ ਸਾਡੇ ਕੋਲ ਪੂਰੇ ਰਿਕਾਰਡ ਵੀ ਹਨ।

ਲਹਿੰਦੇ ਪੰਜਾਬ ਦੇ ਵਾਤਾਵਰਨ ਮੰਤਰਾਲੇ ਦੇ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਦੱਸਿਆ ਕਿ ਸਾਡੇ ਕੋਲ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੇ ਸੈਟੇਲਾਈਟ ਡੇਟਾ ਅਤੇ ਮੌਸਮ ਵਿਭਾਗ ਦੇ ਅੰਕੜਿਆਂ ਤੇ ਜਾਣਕਾਰੀ ਦੇ ਆਧਾਰ ’ਤੇ ਸਬੂਤ ਵੀ ਮੌਜੂਦ ਹਨ। ਉਨ੍ਹਾਂ ਕਿਹਾ ਹਵਾਵਾਂ ਦਾ ਪੂਰਬੀ ਗਲਿਆਰਾ ਚੜ੍ਹਦੇ ਪੰਜਾਬ ਵਿੱਚ ਪੈਦਾ ਹੋਏ ਹਵਾ ਪ੍ਰਦੂਸ਼ਣ ਦਾ ਵੱਡਾ ਹਿੱਸਾ ਪਾਕਿਸਤਾਨ ਵੱਲ ਧੱਕਦਾ ਹੈ।