India

ਸੋਮਵਾਰ ਨੂੰ ਵੀ ਦਿੱਲੀ ‘ਚ ਹਵਾ ‘ਬਹੁਤ ਖਰਾਬ’ ਸ਼੍ਰੇਣੀ ‘ਚ ,AQI 350 ਤੋਂ ਪਾਰ

ਦਿੱਲੀ : ਸੋਮਵਾਰ ਨੂੰ ਇਕ ਵਾਰ ਫਿਰ ਦਿੱਲੀ ‘ਚ ਹਵਾ ਦੀ ਗੁਣਵੱਤਾ ਦਾ ਪੱਧਰ ‘ਬਹੁਤ ਖਰਾਬ’ ਸ਼੍ਰੇਣੀ ‘ਚ ਦਰਜ ਕੀਤਾ ਗਿਆ। ਜੇਕਰ ਅਸੀਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸੋਮਵਾਰ ਨੂੰ ਵੀ ਦਿੱਲੀ ‘ਚ ਜ਼ਿਆਦਾਤਰ ਥਾਵਾਂ ‘ਤੇ ਹਵਾ ਦੀ ਗੁਣਵੱਤਾ ਦਾ ਪੱਧਰ 350 ਤੋਂ ਉੱਪਰ ਹੈ। ਇਹ ਹਵਾ ਦੀ ਗੁਣਵੱਤਾ ਦਾ ‘ਬਹੁਤ ਮਾੜਾ’ ਪੱਧਰ ਵੀ ਹੈ।

ਦਿੱਲੀ ਵਿੱਚ ਯਮੁਨਾ ਵਿੱਚ ਝੱਗ ਦੀ ਲਗਾਤਾਰ ਵਧ ਰਹੀ ਪਰਤ ਵੀ ਵੱਡੀ ਸਮੱਸਿਆ ਬਣ ਰਹੀ ਹੈ। ਦਿੱਲੀ ਦੇ ਆਨੰਦ ਵਿਹਾਰ ਇਲਾਕੇ ਦੀ ਹਵਾ ਸੋਮਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਦੇਖਣ ਨੂੰ ਮਿਲੀ। ਆਨੰਦ ਵਿਹਾਰ ਵਿੱਚ ਸਵੇਰੇ AQI 357 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ਵਿਚ ਯਮੁਨਾ ਨਦੀ ਵਿਚ ਵੀ ਝੱਗ ਦੀ ਮੋਟੀ ਪਰਤ ਦਿਖਾਈ ਦੇ ਰਹੀ ਹੈ।

ਸੀਪੀਸੀਬੀ ਨੇ ਸ਼ਹਿਰ ਦੇ 40 ਵਿੱਚੋਂ 37 ਨਿਗਰਾਨੀ ਕੇਂਦਰਾਂ ਦਾ ਡਾਟਾ ਜਾਰੀ ਕੀਤਾ ਹੈ। ਇਸ ਅਨੁਸਾਰ ਤਿੰਨ ਕੇਂਦਰਾਂ ਬਵਾਨਾ, ਬੁਰਾੜੀ ਅਤੇ ਜਹਾਂਗੀਰਪੁਰੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਗੰਭੀਰ ਪਾਈ ਗਈ। ਇਸ ਦੇ ਨਾਲ ਹੀ ਦਿੱਲੀ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਨੋਇਡਾ ਦੇ ਨਾਲ ਲੱਗਦੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵੀ ਬਹੁਤ ਖਰਾਬ ਅਤੇ ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਮਾੜੀ ਦਰਜ ਕੀਤੀ ਗਈ ਹੈ। ਜੋ ਕਿ ਲੋਕਾਂ ਲਈ ਪ੍ਰੇਸ਼ਾਨੀ ਦਾ ਵਿਸ਼ਾ ਬਣਿਆ ਹੋਇਆ ਹੈ। ਲਗਾਤਾਰ ਵਿਗੜ ਰਹੇ AQI ਕਾਰਨ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ।