ਬਿਉਰੋ ਰਿਪੋਰਟ: DAP ਦੀ ਕਮੀ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖਾਦ ਮੰਤਰੀ ਜੇ ਪੀ ਨੱਡਾ ਦੇ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਪੰਜਾਬ ਨੂੰ DAP ਖਾਦ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ ਅਤੇ ਕੇਂਦਰ ਸਰਕਾਰ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। ਸੀਐੱਮ ਮਾਨ ਨੇ ਕਿਹਾ ਸਾਨੂੰ 4 ਲੱਖ 80 ਹਜ਼ਾਰ ਮੀਟ੍ਰਿਕ ਟਨ DAP ਚਾਹੀਦਾ ਹੈ ਸਾਡੇ ਕੋਲ ਸਵਾ ਤਿੰਨ ਲੱਖ ਪਹੁੰਚ ਗਿਆ ਹੈ ਡੇਢ ਲੱਖ ਟਨ DAP ਦਾ ਗੈਪ ਹੈ। ਇਸ ਦੌਰਾਨ ਸੀਐੱਮ ਮਾਨ ਨੇ ਕਿਸਾਨਾਂ ਦੇ ਧਰਨੇ ’ਤੇ ਤੰਜ ਕੱਸ ਦੇ ਹੋਏ ਅਪੀਲ ਕੀਤੀ।
ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰੋਜ਼ ਧਰਨੇ ਚੰਗੇ ਨਹੀਂ ਹਨ, ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਸਾਨੂੰ ਵੀ ਪਤਾ ਹੈ ਅਸੀਂ ਲੱਗੇ ਹੋਏ ਹਾਂ, ਲੋੜ ਤੋਂ ਵੱਧ ਕੋਈ ਵੀ ਚੀਜ਼ ਮਾੜੀ ਹੁੰਦੀ ਹੈ। ਕਿਸਾਨ ਯੂਨੀਅਨਾਂ ਨੂੰ ਅਪੀਲ ਹੈ ਕਿ ਸੜਕ ਕੇ ਬਹਿਣ ਨਾਲ ਹੱਲ ਨਹੀਂ ਹੁੰਦਾ ਹੈ, ਖ਼ਰੀਦ ਤੇ ਲਿਫਟਿੰਗ ਕਰ ਰਹੇ ਹਨ। ਅਸੀਂ ਆੜ੍ਹਤੀਆਂ ਦੀ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ ਹੈ, ਸ਼ੈਲਰ ਮਾਲਿਕਾਂ ਦਾ ਮਾਮਲਾ ਕੇਂਦਰ ਨੇ ਹੱਲ ਕਰਨਾ ਹੈ, ਮੈਂ ਅਮਿਤ ਸ਼ਾਹ ਅਤੇ ਖ਼ੁਰਾਕ ਮੰਤਰੀ ਨਾਲ ਵੀ ਗੱਲ ਕੀਤੀ ਹੈ।
ਉੱਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਮੁੱਖ ਮੰਤਰੀ ਨੇ ਅਪੀਲ ਨਹੀਂ ਕੀਤੀ ਹੈ, ਬਲਕਿ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਇਹ ਦੂਜਾ ਮੌਕਾ ਹੈ ਕਿ ਮੁੱਖ ਮੰਤਰੀ ਅਜਿਹਾ ਬਿਆਨ ਦਿੱਤਾ ਹੈ ਮੁੱਖ ਮੰਤਰੀ ਦੂਜੇ ਤਬਕੇ ਨੂੰ ਸਾਡੇ ਖਿਲਾਫ ਭੜਕਾ ਰਹੇ ਹਨ, ਉਹ ਬੀਜੇਪੀ ਦੇ ਟਰੈਕ ’ਤੇ ਕੰਮ ਕਰ ਰਹੇ ਹਨ। ਹੁਣ ਤੱਕ ਪੰਜਾਬ ਦੇ ਕਿਸੇ ਵੀ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਧਮਕੀ ਨਹੀਂ ਦਿੱਤੀ ਹੈ।
ਪੰਧੇਰ ਨੇ ਕਿਹਾ ਅਸੀਂ ਮੁੱਖ ਮੰਤਰੀ ਦੀ ਖੁੱਲੀ ਚੁਣੌਤੀ ਸਵੀਕਾਰ ਕਰਦੇ ਹਾਂ। ਤੁਸੀਂ ਦੱਸੋਂ ਸਾਨੂੰ ਦਿੱਲੀ ਦੀ ਕੇਂਦਰ ਸਰਕਾਰ ਨੇ ਲਿਫਟਿੰਗ ਨੂੰ ਲੈ ਕੇ ਕੀ ਦੱਸਿਆ ਹੈ। ਪੰਧੇਰ ਨੇ ਕਿਹਾ ਮੁੱਖ ਮੰਤਰੀ ਨੇ ਕਿਸਾਨਾਂ ਕੋਲੋਂ 2 ਦਿਨ ਦਾ ਸਮਾਂ ਮੰਗਿਆ ਸੀ, ਪਰ 10 ਦਿਨ ਬਾਅਦ ਵੀ ਮਾਮਲਾ ਹੱਲ ਨਹੀਂ ਹੋਇਆ।