India International

ਹੁਣ ਭਾਰਤ ਦੇ ਹੁਨਰਮੰਦ ਕਾਮਿਆਂ ਲਈ ਸਾਲਾਨਾ 90,000 ਵੀਜ਼ਾ ਦੇਵੇਗਾ ਜਰਮਨੀ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਰਮਨੀ ਦੇ ਹੁਨਰਮੰਦ ਭਾਰਤੀ ਕਰਮਚਾਰੀਆਂ ਲਈ ਵੀਜ਼ਾ ਦੀ ਗਿਣਤੀ 20 ਹਜ਼ਾਰ ਤੋਂ ਵਧਾ ਕੇ 90 ਹਜ਼ਾਰ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਸ ਨਾਲ ਜਰਮਨੀ ਦੇ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ 7ਵੇਂ ਅੰਤਰ-ਸਰਕਾਰੀ ਸਲਾਹ-ਮਸ਼ਵਰੇ (IGC) ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਹ ਐਲਾਨ ਜਰਮਨ ਬਿਜ਼ਨਸ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫ਼ਰੰਸ 2024 ’ਚ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਆਰਥਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਸੀ ਪਹਿਲਕਦਮੀਆਂ ’ਤੇ ਚਾਨਣਾ ਪਾਇਆ।

ਭਾਰਤੀ ਪ੍ਰਤਿਭਾ ਪ੍ਰਤੀ ਜਰਮਨੀ ਦੇ ਸਵਾਗਤੀ ਰੁਖ ਨੂੰ ਚਾਂਸਲਰ ਸ਼ੋਲਜ਼ ਨੇ ਦੁਹਰਾਇਆ, ਜਿਨ੍ਹਾਂ ਨੇ ਜਰਮਨੀ ਦੇ ਕਾਰਜਬਲ ਅਤੇ ਅਕਾਦਮਿਕ ਖੇਤਰ ’ਚ ਭਾਰਤੀਆਂ ਦੇ ਤੇਜ਼ੀ ਨਾਲ ਵਾਧੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਅੱਜ ਸਾਡੀਆਂ ਯੂਨੀਵਰਸਿਟੀਆਂ ’ਚ ਵਿਦੇਸ਼ੀ ਵਿਦਿਆਰਥੀਆਂ ਦਾ ਸੱਭ ਤੋਂ ਵੱਡਾ ਸਮੂਹ ਭਾਰਤੀ ਹਨ। ਪਿਛਲੇ ਸਾਲ ਹੀ ਜਰਮਨੀ ’ਚ ਭਾਰਤੀ ਪੇਸ਼ੇਵਰਾਂ ਦੀ ਗਿਣਤੀ ’ਚ 23,000 ਦਾ ਵਾਧਾ ਹੋਇਆ ਹੈ।’’

ਉਨ੍ਹਾਂ ਕਿਹਾ ਕਿ ਜਰਮਨੀ ਅਪਣੀ ਵੀਜ਼ਾ ਪ੍ਰਕਿਰਿਆ ’ਚ ਡਿਜੀਟਾਈਜ਼ੇਸ਼ਨ, ਤੇਜ਼ ਪ੍ਰਵਾਨਗੀਆਂ ਅਤੇ ਉਪਭੋਗਤਾ ਅਨੁਕੂਲ ਪਹੁੰਚ ਦੇ ਨਾਲ ਸੁਧਾਰਾਂ ਨੂੰ ਲਾਗੂ ਕਰ ਰਿਹਾ ਹੈ ਜਿਸ ਦਾ ਉਦੇਸ਼ ਹੁਨਰਮੰਦ ਪ੍ਰਵਾਸ ਨੂੰ ਸਹੂਲਤਜਨਕ ਬਣਾਉਣਾ ਹੈ। ਹਾਲਾਂਕਿ, ਸ਼ੋਲਜ਼ ਨੇ ਜ਼ੋਰ ਦੇ ਕੇ ਕਿਹਾ ਕਿ ਜਰਮਨੀ ਅਨਿਯਮਿਤ ਪ੍ਰਵਾਸ ਦਾ ਸਖ਼ਤੀ ਨਾਲ ਪ੍ਰਬੰਧਨ ਕਰਨਾ ਜਾਰੀ ਰੱਖੇਗਾ।

ਉਨ੍ਹਾਂ ਕਿਹਾ, ‘‘ਜਰਮਨੀ ਹੁਨਰਮੰਦ ਕਾਮਿਆਂ ਲਈ ਖੁੱਲ੍ਹਾ ਹੈ ਪਰ ਅਸੀਂ ਇਹ ਕੰਟਰੋਲ ਕਰਨਾ ਚਾਹੁੰਦੇ ਹਾਂ ਕਿ ਕੌਣ ਆਉਂਦਾ ਹੈ।’’ ਉਨ੍ਹਾਂ ਕਿਹਾ ਕਿ ਜਰਮਨੀ ਅਪਣੀਆਂ ਵੀਜ਼ਾ ਪ੍ਰਕਿਰਿਆਵਾਂ ਨੂੰ ਡਿਜੀਟਲ ਕਰ ਰਿਹਾ ਹੈ, ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਵਧੇਰੇ ਉਪਭੋਗਤਾ-ਅਨੁਕੂਲ ਬਣਾ ਰਿਹਾ ਹੈ।