Punjab

ਪੰਜਾਬ ਦੀਆਂ 4 ਵਿਧਾਨਸਭਾ ਜ਼ਿਮਨੀ ਚੋਣਾਂ ਲਈ 57 ਉਮੀਦਵਾਰ ਮੈਦਾਨ ’ਚ! ਅਖ਼ੀਰਲੇ ਦਿਨ 2 ਦਿੱਗਜਾਂ ਨੇ ਭਰੀ ਨਾਮਜ਼ਦਗੀ

ਬਿਉਰੋ ਰਿਪੋਰਟ: (Punjab Assembly By Poll 2024) ਪੰਜਾਬ ਦੀਆਂ 4 ਵਿਧਾਨਸਭਾ ਸੀਟਾਂ ’ਤੇ ਨਾਮਜ਼ਦਗੀਆਂ ਖ਼ਤਮ ਹੋ ਗਈਆਂ ਹਨ। ਚੋਣ ਕਮਿਸ਼ਨ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਹੁਣ ਤੱਕ ਕੁੱਲ 57 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਇਨ੍ਹਾਂ ਵਿੱਚੋ ਕੁਝ ਉਮੀਦਵਾਰਾਂ ਨੇ ਆਪਣੇ ਕਵਰਿੰਗ ਉਮੀਦਵਾਰ ਵੀ ਐਲਾਨੇ ਹਨ। ਹੁਣ 28 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਛਾਂਟੀ ਹੋਵੇਗੀ। 13 ਨਵਬੰਰ ਨੂੰ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ, ਬਰਨਾਲਾ ਦੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਦੇ ਅਖ਼ੀਰਲੇ ਦਿਨ ਕਈ ਦਿੱਗਜਾਂ ਨੇ ਆਪਣੀ ਨਾਮਜ਼ਦਗੀ ਭਰੀ ਹੈ।

ਨਾਮਜ਼ਦਗੀਆਂ ਦੇ ਅਖ਼ੀਰਲੇ ਦਿਨ ਪੰਜਾਬ ਦੇ ਕਈ ਵੱਡੇ ਆਗੂਆਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨ੍ਹਾਂ ਦੇ ਪਤੀ ਸੁਖਜਿੰਦਰ ਸਿੰਘ ਰੰਧਾਵਾ ਤਾਂ ਗੈਰ ਹਾਜ਼ਰ ਰਹੇ ਪਰ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਅਤੇ ਰੰਧਾਵਾ ਦੇ ਪੁੱਤਰ ਉਨ੍ਹਾਂ ਦੇ ਨਾਲ ਮੌਜੂਦ ਸਨ। ਉੱਧਰ ਚੱਬੇਵਾਲ ਤੋਂ ਅਕਾਲੀ ਦਲ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੁੰਦੇ ਹੀ ਟਿਕਟ ਮਿਲਣ ਤੋਂ ਬਾਅਦ ਸੋਹਨ ਸਿੰਘ ਠੰਡਲ ਨੇ ਵੀ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਹੈ। ਬਰਨਾਲਾ ਤੋਂ AAP ਦੇ ਬਾਗੀ ਜ਼ਿਲ੍ਹਾਂ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਵੀ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ।

ਬੀਤੇ 5 ਦਿਨਾਂ ਵਿੱਚ ਚੋਣ ਕਮਿਸ਼ਨ ਕੋਲ ਕਰੀਬ 27 ਹਲਫਨਾਮੇ ਪਹੁੰਚੇ ਹਨ। ਵੀਰਵਾਰ ਨੂੰ ਪੰਜਾਬ ਦੇ ਕਈ ਵੱਡੇ ਨੇਤਾਵਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਬਰਨਾਲਾ ਤੋਂ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਅਤੇ ਕਾਂਗਰਸ ਉਮੀਦਵਾਰ ਕਾਲਾ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਦੋਵਾਂ ਨੇ ਰੋਡ ਸ਼ੋਅ ਵੀ ਕੀਤਾ।

ਪੰਜਾਬ ਦੀ ਹੌਟ ਸੀਟ ਬਣੇ ਗਿੱਦੜਬਾਹਾ ਤੋਂ ਭਾਜਪਾ ਦੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਅਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਨ੍ਹਾਂ ਤੋਂ ਇਲਾਵਾ ਚੱਬੇਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਇਸਹਾਕ, ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ, ਗਿੱਦੜਬਾਹਾ ਤੋਂ ਹਰਚਰਨ ਸਿੰਘ ਬਰਾੜ ਅਤੇ ‘ਆਪ’ ਉਮੀਦਵਾਰ ਹਰਦੀਪ ਸਿੰਘ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ।

ਅਕਾਲੀ ਦਲ ਤੇ ਅੰਮ੍ਰਿਤਪਾਲ ਦੇ ਸਾਥੀਆਂ ਦਾ ਚੋਣ ਲੜਨ ਤੋਂ ਇਨਕਾਰ

ਅਕਾਲੀ ਦਲ ਨੇ ਬੀਤੇ ਦਿਨ ਹੀ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਜਨਰੈਲ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਿਕ ਚੋਣ ਮੈਦਾਨ ਵਿੱਚ ਨਹੀਂ ਉਤਰ ਸਕਦਾ ਹੈ ਇਸ ਲਈ ਉਹ ਵੀ ਚੋਣ ਨਹੀਂ ਲੜਨਗੇ। ਹਾਲਾਂਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਅਸੀਂ ਅਕਾਲੀ ਦਲ ਨੂੰ ਚੋਣ ਲੜਨ ਤੋਂ ਨਹੀਂ ਰੋਕਿਆ ਹੈ। 1992 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਕਿਸੇ ਚੋਣ ਵਿੱਚ ਹਿੱਸਾ ਨਹੀਂ ਲੈ ਰਹੀ ਹੈ।

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਵੀ ਪਹਿਲਾਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚੋਂ ਇਸ ’ਤੇ ਵਿਚਾਰ ਕਰਨ ਤੋਂ ਬਾਅਦ ਚੋਣ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਜਥੇਬੰਦੀ ਦਾ ਕਹਿਣਾ ਹੈ ਕਿ ਉਹ ਫਿਲਹਾਲ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਨੂੰ ਮਜ਼ਬੂਤ ਕਰਨ ’ਤੇ ਕੰਮ ਕਰਨਗੇ।