Punjab

ਸਸਪੈਂਡ ਲੇਡੀ ਅਫ਼ਸਰ ਨੇ DSP ‘ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜਾਮ

ਮੋਗਾ : ਪੰਜਾਬ ਪੁਲਿਸ ਦੀ ਕੋਰੋਨਾ ਯੋਧਾ ਰਹੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਗਰੇਵਾਲ ’ਤੇ ਨਸ਼ਾ ਤਸਕਰਾਂ ਨੂੰ 5 ਲੱਖ ਰੁਪਏ ਲੈ ਕੇ ਛੱਡਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਸ ਦੇ ਨਾਲ-ਨਾਲ ਦੋ ਕਲਰਕਾਂ ਨੂੰ ਵੀ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਐਸਐਚਓ ਅਰਸ਼ਪ੍ਰੀਤ ਨੇ ਅੱਜ ਫੇਸਬੁੱਕ ’ਤੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਇਸ ਕੇਸ ਵਿੱਚ ਫਸਾਇਆ ਗਿਆ ਹੈ। ਅਰਸ਼ਪ੍ਰੀਤ ਕੌਰ ਵੱਲੋਂ DSP ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਅਰਸ਼ਪ੍ਰੀਤ ਕੌਰ ਨੇ ਡੀਐੱਸਪੀ ’ਤੇ ਜਿਨਸੀ ਸ਼ੋਸ਼ਣ ਦੇ ਇਲਜਾਮ ਲਗਾਏ ਹਨ।

ਉਨਾਂ ਨੇ ਇੱਕ ਇਕ ਲੰਬੀ ਪੋਸਟ ਵਿਚ ਲੇਡੀ ਐਸ ਐਚ ਓ ਨੇ ਦੋਸ਼ ਲਾਇਆ ਕਿ ਉਸ ਵੱਲੋਂ ਇਕ ਕੇਸ ਵਿਚ ਮੁਲਜ਼ਮਾਂ ਨੂੰ ਛੱਡਣ ਲਈ ਉੱਚ ਅਫਸਰਾਂ ਦਾ ਦਬਾਅ ਨਾ ਝੱਲਣ ਤੇ ਇਸਦੀ ਸੂਚਨਾ ਡੀ ਡੀ ਆਰ ਵਿਚ ਦਰਜ ਕਰਨ ਦੇ ਕਾਰਣ ਬਦਲਾਖੋਰੀ ਵਜੋਂ ਉਸ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ।

ਉਸਨੇ ਸੂਬਾ ਤੇ ਕੌਮੀ ਮਹਿਲਾ ਕਮਿਸ਼ਨ ਸਮੇਤ ਪੰਜਾਬ ਪੁਲਿਸ, ਕੇਂਦਰ ਸਰਕਾਰ, ਸੁਪਰੀਮ ਕੋਰਟ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਨਾਲ ਹੋਈ ਜਿਣਸੀ ਛੇੜਛਾੜ ਦਾ ਗੰਭੀਰ ਨੋਟਿਸ ਲੈਣ। ਲੇਡੀ ਐਸ ਐਚ ਓ ਨੇ ਦੋਸ਼ ਲਾਇਆ ਕਿ ਡੀ ਐਸ ਪੀ ਨੇ ਉਸਨੂੰ ਆਪਣੇ ਦਫਤਰ ਵਿਚ ਸੱਦ ਕੇ ਉਸ ਨਾਲ ਛੇੜਛਾੜ ਕੀਤੀ ਜਿਸਦਾ ਉਸਨੇ ਵਿਰੋਧ ਕੀਤਾ।

ਇਸ ਦੇ ਨਾਲ ਹੀ ਡੀਐਸਪੀ ਰਮਨਦੀਪ ਅਤੇ ਐਸਪੀ-ਡੀ ਬਾਲ ਕ੍ਰਿਸ਼ਨ ਸਿੰਗਲਾ ’ਤੇ ਦੁਸ਼ਮਣੀ ਦੇ ਗੰਭੀਰ ਦੋਸ਼ ਲਾਏ ਗਏ ਹਨ। ਅਰਸ਼ਪ੍ਰੀਤ ਨੇ ਇਹ ਵੀ ਕਿਹਾ ਹੈ ਕਿ ਉਹ ਡੀਐਸਪੀ ਰਮਨਦੀਪ ਖ਼ਿਲਾਫ਼ ਐਸਐਸਪੀ ਮੋਗਾ ਅਤੇ ਡੀਜੀਪੀ ਪੰਜਾਬ ਨੂੰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰੇਗੀ। ਅਰਸ਼ਪ੍ਰੀਤ ਦੇ ਇਸ ਅਹੁਦੇ ਤੋਂ ਬਾਅਦ ਮੋਗਾ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਸਵਾਲਾਂ ਦੇ ਘੇਰੇ ‘ਚ ਘਿਰਦੇ ਨਜ਼ਰ ਆ ਰਹੇ ਹਨ।

ਅਰਸ਼ਪ੍ਰੀਤ ਕੌਰ ਗਰੇਵਾਲ ਨੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਉਂਦੇ ਆ ਕਿਹਾ ਕਿ ਡੀਐਸਪੀ ਰਮਨਦੀਪ ਸਿੰਘ ਵੱਲੋਂ ਉਹਨਾਂ ਨੂੰ ਐਤਵਾਰ ਵਾਲੇ ਦਿਨ ਆਪਣੇ ਦਫਤਰ ਵਿੱਚ ਬੁਲਾ ਕੇ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮੈਮ ਤੁਸੀਂ ਵੀ ਇੱਕ ਸਪੋਰਟਸ ਪਰਸਨ ਹੋ ਤੇ ਮੈਂ ਹਾਕੀ ਓਲੰਪੀਅਨ ਤੇ ਆਪਣੇ ਦੋਨਾਂ ਵਿੱਚ ਬਹੁਤ ਚੀਜ਼ਾਂ ਕੋਮਨ ਹਨ। ਪੋਸਟ ਵਿੱਚ ਲਿਖਿਆ ਕਿ ਜਦ ਮੈਂ ਬਤੌਰ ਡੀਐਸਪੀ ਜੁਆਇਨ ਕੀਤਾ ਸੀ ਤਾਂ ਤੁਹਾਡੀਆਂ ਲੁਕਸ ਅਤੇ ਕੰਮ ਕਰਨ ਦੇ ਤਰੀਕੇ ਨੇ ਮੈਨੂੰ ਤੁਹਾਡੇ ਵੱਲ ਅਟਰੈਕਟ ਕੀਤਾ। ਤੁਸੀਂ ਬਹੁਤ ਇੰਟੈਲੀਜੈਂਟ ਹੋ ਅਤੇ ਮੈਂ ਤੁਹਾਡੀ ਕੰਪਨੀ ਬਹੁਤ ਲਾਇਕ ਕਰਦਾ।

ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਗਈ ਹੈ ਅਤੇ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈਕੋਰਟ, ਮੁੱਖ ਮੰਤਰੀ ਪੰਜਾਬ, ਕੇਂਦਰ ਸਰਕਾਰ ਵੋਮਨ ਕਮਿਸ਼ਨ ਆਫ ਇੰਡੀਆ , ਡੀਜੀਪੀ ਪੰਜਾਬ, ਪੰਜਾਬ ਸਟੇਟ ਵੂਮਨ ਕਮਿਸ਼ਨ ਅਤੇ ਐਸਐਸਪੀ ਮੋਗਾ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਉਨ੍ਹਾਂ ਦੇ ਬਿਆਨ ਨੂੰ ਮੰਨ ਲਵੇ। ਮੋਗਾ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਚੁੱਪ ਧਾਰੀ ਰੱਖੀ ਹੈ। ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।