India

ਕਸ਼ਮੀਰ ’ਚ ਫੌਜ ਦੇ ਵਾਹਨ ’ਤੇ ਅੱਤਵਾਦੀ ਹਮਲਾ! 5 ਜਵਾਨ ਜ਼ਖਮੀ, ਤਲਾਸ਼ੀ ਮੁਹਿੰਮ ਜਾਰੀ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਦੇ ਨਾਗਿਨ ਇਲਾਕੇ ’ਚ ਕੰਟਰੋਲ ਰੇਖਾ ਨੇੜੇ ਵੀਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ 18 ਰਾਸ਼ਟਰੀ ਰਾਈਫਲਜ਼ ਦੇ ਇਕ ਵਾਹਨ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ 5 ਜਵਾਨ ਜ਼ਖ਼ਮੀ ਹੋਏ ਹਨ। ਇਕ ਪੋਰਟਰ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬਟਗੁੰਡ ’ਚ ਅੱਤਵਾਦੀਆਂ ਨੇ ਇੱਕ ਹੋਰ ਮਜ਼ਦੂਰ ’ਤੇ ਗੋਲ਼ੀਬਾਰੀ ਕੀਤੀ ਸੀ, ਜਿਸ ’ਚ ਉਹ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਸ਼ੁਭਮ ਕੁਮਾਰ ਯੂਪੀ ਦਾ ਰਹਿਣ ਵਾਲਾ ਹੈ। ਹਸਪਤਾਲ ਵਿੱਚ ਉਸਦਾ ਇਲਾਜ ਜਾਰੀ ਹੈ।

ਇਸ ਦੇ ਨਾਲ ਹੀ ਵੀਰਵਾਰ ਸਵੇਰੇ ਹੀ ਸ਼੍ਰੀਨਗਰ ਦੇ ਗਨਬਾਗ ਇਲਾਕੇ ’ਚ ਇੱਕ ਗੈਰ-ਕਸ਼ਮੀਰੀ ਨੌਜਵਾਨ ਦੀ ਲਾਸ਼ ਮਿਲੀ ਸੀ। ਪੁਲਿਸ ਮੁਤਾਬਕ ਮ੍ਰਿਤਕ ਪੱਛਮੀ ਬੰਗਾਲ ਦਾ ਰਹਿਣ ਵਾਲਾ ਐਮਡੀ ਜਾਹੂਦ ਸੀ।

ਜੰਮੂ-ਕਸ਼ਮੀਰ ‘ਚ ਪਿਛਲੇ ਇਕ ਹਫਤੇ ’ਚ ਗੈਰ-ਕਸ਼ਮੀਰੀਆਂ ’ਤੇ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਗੰਦਰਬਲ ਅਤੇ 18 ਅਕਤੂਬਰ ਨੂੰ ਸ਼ੋਪੀਆਂ ’ਚ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸੀ, ਜਿਸ ’ਚ 7 ਲੋਕ ਮਾਰੇ ਗਏ ਸਨ।

ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਅੱਜ ਰਾਜ ਭਵਨ ਵਿਖੇ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ। ਇਸ ਵਿੱਚ ਉੱਤਰੀ ਵਿੰਗ ਕਮਾਂਡਰ, ਜੰਮੂ-ਕਸ਼ਮੀਰ ਦੇ ਡੀਜੀਪੀ, ਕੋਰ ਕਮਾਂਡਰ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।