Punjab

ਅੰਮ੍ਰਿਤਸਰ ’ਚ ਸਾਬਕਾ ਸਰਪੰਚ ਤੇ ਆੜ੍ਹਤੀਏ ਦਾ ਗੋਲ਼ੀ ਮਾਰ ਕੇ ਕਤਲ

ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਬਾਬਾ ਬਕਾਲਾ ਸਬ-ਡਵੀਜ਼ਨ ਦੀ ਸਠਿਆਲਾ ਅਨਾਜ ਮੰਡੀ ਵਿੱਚ ਬੁੱਧਵਾਰ ਨੂੰ ਸਾਬਕਾ ਸਰਪੰਚ ਅਤੇ ਆੜ੍ਹਤੀਏ ਦਾ ਚਾਰ ਅਣਪਛਾਤੇ ਹਮਲਾਵਰਾਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਉਹ ਆਪਣੀ ਦੁਕਾਨ ’ਤੇ ਸੀ ਜਦੋਂ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ, ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਅਤੇ ਆੜ੍ਹਤੀਏ ਗੁਰਦੀਪ ਸਿੰਘ ਉਰਫ਼ ਗੋਰਾ (40 ਸਾਲ) ਵਜੋਂ ਹੋਈ ਹੈ।

ਐਸਐਸਪੀ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਬਾਬਾ ਬਕਾਲਾ ਦੇ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਗੈਂਗਸਟਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਜਾਂਚ ਅਜੇ ਸ਼ੁਰੂਆਤੀ ਪੜਾਅ ’ਤੇ ਹੈ।