ਬਿਉਰੋ ਰਿਪੋਰਟ: ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਪਾਰਟੀ ਦੇ ਪ੍ਰਚਾਰ ਲਈ ਸੁਨੀਲ ਜਾਖੜ ਨੂੰ ‘ਪੋਸਟਰ ਬੁਆਏ’ ਵਜੋਂ ਖੜ੍ਹਾ ਕੀਤਾ ਹੈ। ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਖ਼ਾਤੇ ਤੋਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੱਗ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਨਾਲ ਪਾਰਟੀ ਨੇ ‘ਜੇ ਪੰਜਾਬ ਬਚਾਉਣਾ ਤਾਂ ਪੈਣਾ ਭਾਜਪਾ ਨੂੰ ਜਿਤਾਉਣਾ’ ਸਲੋਗਨ ਵੀ ਲਾਇਆ ਹੋਇਆ ਹੈ।
ਇਸ ਵੀਡੀਓ ਦੀ ਟੈਗਲਾਈਨ ਹੈ – ‘ਬਾਕੀ ਗੱਲਾਂ ਛਡੋ, ਪੰਜਾਬ ਦੀ ਗੱਲ ਜ਼ਰੂਰੀ ਹੈ।’ ਜਾਖੜ ਆਪ ਵੀ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਭਾਜਪਾ ਨੂੰ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਸਮਝਣ ਦੀ ਲੋੜ ਹੈ। ਅੱਜ ਬੁੱਧਵਾਰ ਨੂੰ ਜਾਰੀ ਕੀਤੇ ਗਏ ਪਾਰਟੀ ਦੇ ਪਹਿਲੇ ਪ੍ਰਚਾਰ ਵੀਡੀਓ ਦੇ ਵੱਖ-ਵੱਖ ਸ਼ਾਟਸ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਸੁਨੀਲ ਜਾਖੜ ਹੀ ਨਜ਼ਰ ਆ ਰਹੇ ਹਨ।
ਜੇ ਪੰਜਾਬ ਬਚਾਉਣਾ ਤਾਂ ਪੈਣਾ ਭਾਜਪਾ ਨੂੰ ਜਿਤਾਉਣਾ| pic.twitter.com/3zHvtmLFYg
— BJP PUNJAB (@BJP4Punjab) October 22, 2024
ਯਾਦ ਰਹੇ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਸਨ ਕਿ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਪ੍ਰਧਾਨ ਵਜੋਂ ਪਾਰਟੀ ਤੋਂ ਪਾਸਾ ਵੱਟ ਲਿਆ ਸੀ ਪਰ ਪਾਰਟੀ ਵੱਲੋਂ ਹਮੇਸ਼ਾ ਇਸ ਗੱਲ ਦਾ ਖੰਡਨ ਕੀਤਾ ਗਿਆ। ਬੀਤੇ ਦਿਨੀਂ ਭਾਜਪਾ ਤੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਉਨ੍ਹਾਂ ਪਹਿਲੀ ਵਾਰ ਪੱਤਰਕਾਰਾਂ ਨੂੰ ਇਸ ਸਵਾਲ ਦਾ ਜਵਾਬ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਗੇ। ਫਿਲਹਾਲ ਉਨ੍ਹਾਂ ਇਹ ਸਵਾਲ ਇਹ ਕਹਿ ਟਾਲ਼ ਦਿੱਤਾ ਕਿ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ।
ਇਸ ਤੋਂ ਬਾਅਦ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਅਤੇ ਹੋਰ ਸਮਾਗਮਾਂ ਲਈ ਚੰਡੀਗੜ੍ਹ ਅਤੇ ਪੰਚਕੂਲਾ ਦਾ ਦੌਰਾ ਕਰਨ ਵੇਲੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਮੋਹਰੀ ਰਹਿਣ ਲਈ ਕਿਹਾ ਸੀ। ਇਸ ਦੇ ਨਾਲ ਹੀ ਅੱਜ ਸਵੇਰੇ ਜਾਖੜ ਨੇ ਇਸ ਵੀਡੀਓ ਦੇ ਆਉਣ ਤੋਂ ਪਹਿਲਾਂ ਇੱਕ ਟਵੀਟ ਕਰਦਿਆਂ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਹੋਰ ਪੰਜ ਸਾਲਾਂ ਲਈ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਹੈ।
ਕਰਤਾਰਪੁਰ ਕੋਰੀਡੋਰ ਰਾਹੀਂ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਸਬੰਧੀ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਮਝੌਤੇ ਵਿੱਚ 5 ਸਾਲ ਦਾ ਹੋਰ ਵਾਧਾ ਸਿੱਖ ਸੰਗਤ ਲਈ ਰਾਹਤ ਭਰੀ ਖ਼ਬਰ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੀ ਇਸ ਪਹਿਲਕਦਮੀ ਲਈ ਬਹੁਤ ਬਹੁਤ ਧੰਨਵਾਦ। ਆਸ ਹੈ ਕਰਤਾਰਪੁਰ ਦਾ ਇਹ ਲਾਂਘਾ ਦੋਹਾਂ ਮੁਲਕਾਂ ਦੀਆਂ ਦੂਰੀਆਂ ਘੱਟ… pic.twitter.com/5LxbvX3VyR
— Sunil Jakhar (@sunilkjakhar) October 23, 2024