Punjab

MLA ਸਾਬ੍ਹ ਸਕੂਲ ’ਚ ਚੈਕਿੰਗ ਲਈ ਗਏ, ਪਰ ਅਧਿਆਪਕਾਂ ਨਹੀਂ ਕੀਤਾ ਸਵਾਗਤ! ਸਪੀਕਰ ਨੂੰ ਲਿਖਤੀ ਸ਼ਿਕਾਇਤ; ਦੁਰਵਿਹਾਰ ਲਈ ਕਾਰਵਾਈ ਦੀ ਮੰਗ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਗੋਦਾਰਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹਲਕਾ ਜੈਤੋਂ ਤੋਂ ਵਿਧਾਇਕ ਅਮੋਲਕ ਸਿੰਘ ਵੱਲੋਂ ਮਿਤੀ 17-09-2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਗੋਦਾਰਾ ਵਿਖੇ ਚੈਕਿੰਗ ਕੀਤੀ ਗਈ ਸੀ, ਪਰ ਇਸ ਦੌਰਾਨ ਸਕੂਲ ਵਿੱਚ ਮੌਜੂਦ ਅਧਿਆਪਕ ਨਾ ਤਾਂ ਆਪਣੇ ਕਮਰਿਆਂ ਵਿੱਚੋਂ ਬਾਹਰ ਆਏ ਨਾ ਹੀ ਕਿਸੇ ਨੇ ਗੇਟ ’ਤੇ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਨਾਰਾਜ਼ ਹੋ ਕੇ ਆਪ ਵਿਧਾਇਕ ਨੇ ਸਪੀਕਰ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਅਤੇ ਇਸ ਦੁਰਵਿਹਾਰ ਲਈ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।

ਲਿਖਤੀ ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਜਿਸ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ, ਗੋਦਾਰਾ ਵਿਖੇ ਚੈਕਿੰਗ ਕੀਤੀ ਗਈ ਸੀ, ਉਸ ਵਿੱਚ ਹਰਵਿੰਦਰ ਸਿੰਘ, ਸਕੂਲ ਹੈੱਡਮੋਸਟਰ ਗੈਰ ਹਾਜ਼ਰ ਪਾਏ ਗਏ ਅਤੇ ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਗੀਤਾ ਰਾਈ ਸ੍ਰੀਮਤੀ ਕੁਲਵਿੰਦਰ ਕੌਰ ਸਟਾਫ ਡਿਊਟੀ ’ਤੇ ਹਾਜ਼ਰ ਸਨ। ਵਿਧਾਇਕ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਸਕੂਲ ਦੀ ਵਿਜ਼ਿਟ ਦੌਰਾਨ ਸਕੂਲ ਦੇ ਅਝਿਆਪਕ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਆਏ ਅਤੇ ਉਨ੍ਹਾਂ ਵੱਲੋਂ ਵਿਧਾਇਕ ਦਾ ਸਵਾਗਤ ਨਹੀਂ ਕੀਤਾ ਗਿਆ, ਜਿਸ ਸਬੰਧੀ ਵਿਧਾਇਕ ਵੱਲੋਂ ਮਾਣਯੋਗ ਸਪੀਕਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ।

ਹੁਣ ਸਪੀਕਰ ਸਾਹਿਬਾਨ, ਪੰਜਾਬ ਵੱਲੋਂ ਇਸ ਮਾਮਲੇ ਸਬੰਧੀ ਗੰਭੀਰ ਨੋਟਿਸ ਲੈਂਦੇ ਹੋਇਆਂ ਉਕਤ ਸਾਰੇ ਸਬੰਧਿਤ ਅਧਿਆਪਕਾਂ ਨੂੰ ਮਿਤੀ 22 ਅਕਤੂਬਰ ਮੰਗਲਵਾਰ ਨੂੰ ਸਵੇਰੇ 10:30 ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਦੇ ਚੈਂਬਰ, ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਵਾਸਤੇ ਬੁਲਾਇਆ ਗਿਆ ਸੀ। ਵਿਧਾਇਕ ਅਮੋਲਕ ਸਿੰਘ ਨੇ ਇਸ ਸਬੰਧੀ ਮੰਗ ਕੀਤੀ ਸੀ ਕਿ ਉਕਤ ਅਧਿਆਪਕਾਂ ਨੂੰ ਆਪਣੇ ਪੱਧਰ ’ਤੇ ਹਦਾਇਤ ਕੀਤੀ ਜਾਵੇ ਕਿ ਉਹ ਆਦੇਸ਼ਾਂ ਅਨੁਸਾਰ ਨਿਰਧਾਰਿਤ ਸਮੇਂ ਅਤੇ ਸਥਾਨ ’ਤੇ ਪਹੁੰਚ ਯਕੀਨੀ ਬਣਾਉਣ ਤੇ ਇਸ ਮਾਮਲੇ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਪਰਮ ਅਗੇਤ ਦਿੱਤੀ ਜਾਵੇ।