ਮੁਹਾਲੀ : ਕਾਂਗਰਸ ਵੱਲੋਂ ਜਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ। ਕਾਂਗਰਸ ਨੇ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅੰਮ੍ਰਿਤ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹਨ। ਰਾਜਾ ਵੜਿੰਗ ਦੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਗਿੱਦੜਬਾਹਾ ਸੀਟ ਖਾਲੀ ਹੋ ਗਈ ਸੀ।
ਕਾਂਗਰਸ ਨੇ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਦੇ ਨਾਂ ਤੇ ਭਰੋਸਾ ਜਤਾਇਆ ਹੈ ਤਾਂ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਤੇ ਚੱਬੇਵਾਲ ਸੀਟ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਦੱਸ ਦਈਏ ਕੀ ਇਨ੍ਹਾਂ 4 ਸੀਟਾਂ ਦੇ ਵਿਧਾਇਕ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਸੰਸਦ ਵਿੱਚ ਪੁੱਜੇ ਸਨ, ਜਿਸ ਕਾਰਨ ਇਹ 4 ਸੀਟਾਂ- ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਖਾਲੀ ਹੋ ਗਈਆਂ ਸਨ।
ਗਿੱਦੜਬਾਹਾ ਤੋਂ ਸਾਬਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਸੁਖਜਿੰਦਰ ਰੰਧਾਵਾ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਤੇ ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਲੋਕ ਸਭਾ ਵਿੱਚ ਪੁੱਜੇ ਸਨ। ਜਿਸ ਕਾਰਨ ਇਹ ਚਾਰੋਂ ਸੀਟਾਂ ਖਾਲੀ ਹੋ ਗਈਆਂ ਸਨ।
ਆਪ ਤੇ ਭਾਜਪਾ ਵੀ ਕਰ ਚੁੱਕੀ ਹੈ ਉਮੀਦਵਾਰਾਂ ਦੇ ਐਲਾਨ, SAD ਦੀ ਲਿਸਟ ਆਉਣੀ ਬਾਕੀ
ਪੰਜਾਬ ਜ਼ਿਮਨੀ ਚੋਣਾਂ ਲਈ ਆਪ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ। ਪਾਰਟੀ ਨੇ 4 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ। ਇਨ੍ਹਾਂ ਚ ਗੁਰਦੀਪ ਸਿੰਘ ਰੰਧਾਵਾ, ਇਸ਼ਾਨ ਚੱਬੇਵਾਲ, ਹਰਦੀਪ ਸਿੰਘ ਡਿੰਪੀ, ਹਰਿੰਦਰ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਚ ਉਤਾਰਿਆ ਹੈ।
ਉੱਥੇ ਹੀ ਭਾਜਪਾ ਨੇ 4 ਸੀਟਾਂ ਚੋਂ ਤਿੰਨ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਹੈ। ਚੱਬੇਵਾਲ ਤੋਂ ਭਾਜਪਾ ਨੇ ਅਜੇ ਉਮੀਦਵਾਰ ਨਹੀਂ ਐਲਾਨਿਆ ਹੈ।