ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ’ਤੇ ਵੱਡੇ ਇਲਜ਼ਾਮ ਲਾਏ ਗਏ ਸਨ। ਇਸ ਸੰਬੰਧੀ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਬਾਗ਼ੀ ਆਗੂਆਂ ਦੇ ਇਕੱਲੇ-ਇਕੱਲੇ ਸਵਾਲ ਤੇ ਇਲਜ਼ਾਮ ਦਾ ਤਫ਼ਸੀਲ ਨਾਲ ਜਵਾਬ ਦਿੱਤਾ ਹੈ।
ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ 28 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਹੈ। ਅਜਿਹੇ ਸਮੇਂ ਵਿੱਚ ਵਿਰੋਧੀਆਂ ਦੀ ਸੋਚ ਹੁੰਦੀ ਹੈ ਕਿ ਕਿਸ ਤਰ੍ਹਾਂ ਸਾਹਮਣੇ ਵਾਲੇ ਨੂੰ ਬਦਨਾਮ ਕੀਤਾ ਜਾਵੇ ਤੇ ਇਲਜ਼ਾਮਬਾਜ਼ੀ ਕੀਤੀ ਜਾਵੇ। ਇਸੇ ਸੋਚ ਨੂੰ ਮੁੱਖ ਰੱਖ ਕੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਦੂਸ਼ਣਬਾਜ਼ੀ ਕੀਤੀ ਗਈ ਜੋ ਕਿ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਵੱਲੋਂ ਜੋ ਵੀ ਸਵਾਲ ਚੁੱਕੇ ਗਏ ਹਨ, ਉਨ੍ਹਾਂ ਵਿੱਚੋਂ ਕਿਸੇ ਦੀ ਵੀ ਪ੍ਰਮਾਣਿਕਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵਾਲੀ ਬਿਆਨਬਾਜ਼ੀ ਇਸ ਸਾਜ਼ਿਸ਼ ਦਾ ਹਿੱਸਾ ਹੈ ਕਿ ਕਿਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਬਾਹਰੀ ਤਾਕਤਾਂ ਦੇ ਹੱਥਾਂ ਵਿੱਚ ਦਿੱਤਾ ਜਾਵੇ।
ਸੁਧਾਰ ਲਹਿਰ ਦੇ ਇਲਜ਼ਾਮਾਂ ਦਾ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਇਹ ਸਵਾਲ ਚੁੱਕਿਆ ਗਿਆ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਸੇਵਾਮੁਕਤੀ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਹੈ, ਸ਼੍ਰੋਮਣੀ ਕਮੇਟੀ ਦੀ ਐਡਜੈਕਟਿਵ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ; ਇਹ ਕੋਈ ਫੇਸਬੁੱਕ ਦੇ ਮੁੱਦੇ ਨਹੀਂ, ਬਲਕਿ ਪੰਥਕ ਮੁੱਦੇ ਹਨ ਜਿਨ੍ਹਾਂ ਬਾਰੇ ਸਿਰਫ ਸਿੰਘ ਸਾਹਿਬਾਨ, ਪੰਥਕ ਜਥੇਬੰਦੀਆਂ ਤੇ ਸੰਪਰਦਾਵਾਂ ਹੀ ਵਿਧੀ ਵਿਧਾਨ ਬਣਾ ਸਕਦੀਆਂ ਹਨ। ਇਸ ਬਾਰੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਜਵਾਬਦੇਹੀ ਬਣਦੀ ਹੈ। ਸਾਡੇ ਵੱਡੇ ਬਜ਼ੁਰਗਾਂ ਨੇ ਸੋਚ ਸਮਝ ਕੇ ਹੀ ਇਹ ਵਿਧੀ ਵਿਧਾਨ ਬਣਾਏ ਹਨ ਜਿਨ੍ਹਾਂ ਦੀ ਹਾਲੇ ਤੱਕ ਮਾਨਤਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਬਾਰੇ ਸੇਵਾ ਨਿਭਾ ਰਹੀ ਹੈ।
ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਕਿ BJP ਤੇ RSS ਚਾਹੁੰਦੀਆਂ ਹਨ ਕਿ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਦਾ ਪ੍ਰਬੰਧ ਕਿਸੇ ਤਰ੍ਹਾਂ ਸਿੱਖਾਂ ਦੇ ਹੱਥੋਂ ਆਪਣੇ ਹੱਥ ਲਿਆ ਜਾਵੇ ਜਿਸ ਤਰ੍ਹਾਂ ਦਿੱਲੀ, ਹਰਿਆਣਾ ਤੇ ਪਟਨਾ ਸਾਹਿਬ ਵਿੱਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਅਜਿਹੀਆਂ ਸੰਸਥਾਵਾਂ ਹਨ ਜੋ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਬਾਰੇ ਆਪਣੀ ਆਵਾਜ਼ ਬੁਲੰਦ ਕਰਦੀਆਂ ਹਨ ਤੇ ਸਿੱਖਾਂ ਨੂੰ ਇਨਸਾਫ ਦਿਵਾਉਂਦੀਆਂ ਹਨ। ਇਨ੍ਹਾਂ ਨੂੰ ਕਮਜ਼ੋਰ ਕਰਕੇ ਸਿੱਖ ਪੰਥ ਖ਼ਿਲਾਫ਼ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਕਰਾਰ ਦੇਣ ਵਾਲੇ ਦਾਅਵੇ ’ਤੇ ਬੋਲਦਿਆਂ ਉਨ੍ਹਾਂ ਪ੍ਰਧਾਨ ਸਾਹਿਬ ਦੀ ਬੇਬਾਕੀ ਦੀ ਮਿਸਾਲ ਪੇਸ਼ ਕੀਤੀ ਕਿ ਜਦੋਂ ਸ੍ਰੀ ਪ੍ਰਕਾਸ਼ ਸਿੰਘ ਦਾ ਭੋਗ ਸੀ ਤਾਂ ਇਹ SGPC ਪ੍ਰਧਾਨ ਹੀ ਸਨ ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਮੀਡੀਆ ਦੀ ਹਾਜ਼ਰੀ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਸਿੱਖ ਕੌਮ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ।
SGPC ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਮੀਡੀਆ ਚੈਨਲ ਦੀ ਬਹਿਸ ਵਿੱਚ ਸੁਧਾਰ ਲਹਿਰ ਦੇ ਲੀਡਰ ਨੇ ਖ਼ੁਦ ਮੰਨਿਆ ਹੈ ਕਿ ਜਦੋਂ ਦੇ ਧਾਮੀ SGPC ਦੇ ਪ੍ਰਧਾਨ ਬਣੇ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿੱਚ ਸੁਧਾਰ ਆਇਆ ਹੈ। ਕਮੇਟੀ ਦੇ ਬਜਟ ਵਿੱਚ ਵੀ ਵੱਡਾ ਸੁਧਾਰ ਵੇਖਣ ਨੂੰ ਮਿਲਿਆ ਹੈ। ਇੱਥੋਂ ਤੱਕ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਵੀ ਪ੍ਰਧਾਨ ਸਾਹਿਬ ਨੇ SGPC ਦੇ ਵਿਦਿਅਕ ਅਦਾਰਿਆਂ ਨੂੰ ਵੱਡੇ ਮਾਇਕ ਸੰਕਟ ਵਿੱਚੋਂ ਕੱਢਿਆ ਤੇ ਸਾਰੀਆਂ ਪੈਂਡਿੰਗ ਤਨਖ਼ਾਹਾਂ ਕਲੀਅਰ ਕਰਵਾਈਆਂ।
ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਵੀ ਸੁਧਾਰ ਲਹਿਰ ਨੇ ਇਲਜ਼ਾਮ ਲਾਏ ਸਨ ਕਿ SGPC ਪ੍ਰਧਾਨ ਨੇ ਤਖ਼ਤ ਦੇ ਆਦੇਸ਼ਾਂ ਮੁਤਾਬਕ ਕੰਮ ਨਹੀਂ ਕੀਤਾ ਤੇ ਦਿੱਲੀ ਨੂੰ ਜਾਣ ਵਾਲਾ ਮਾਰਚ ਕਿਸ ਦੀ ਸ਼ਹਿ ’ਤੇ ਰੱਦ ਕੀਤਾ? ਇਸ ਇਲਜ਼ਾਮ ਨੂੰ ਲੈ ਕੇ ਵੀ ਉਨ੍ਹਾਂ ਯਾਦ ਕਰਵਾਇਆ ਕਿ ਉਸ ਸਮੇਂ ਮਾਰਚ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ, ਪਰ ਉਸ ਸਮੇਂ ਕਿਸੇ ਇੱਕ ਆਗੂ ਵੱਲੋਂ ਉਚੇਚੇ ਤੌਰ ’ਤੇ ਚਿੱਠੀ ਕੱਢੀ ਗਈ ਕਿ ਮਾਰਚ ਦਾ ਮੰਤਵ ਸਿਆਸਤ ਤੋਂ ਪ੍ਰੇਰਿਤ ਹੈ, ਇਸ ਤੋਂ ਬਾਅਦ ਇਹ ਮਾਰਚ ਰੱਦ ਕੀਤਾ ਗਿਆ ਸੀ। ਉਨ੍ਹਾਂ ਇਸ ਬਾਬਤ ਚਿੱਠੀ ਵੀ ਨਸ਼ਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਸਈ SGPC ਸਿਰਤੋੜ ਯਤਨ ਕਰ ਰਹੀ ਹੈ।
ਇਸ ਦੇ ਨਾਲ ਹੀ ਸੁਧਾਰ ਲਹਿਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ ਸ਼ੁਰੂ ਕਰਨ ਬਾਰੇ ਲਾਏ ਇਲਜ਼ਾਮ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਉਸੇ ਸਮੇਂ ਆਪਣੇ ਸੋਸ਼ਲ ਮੀਡੀਆ ਚੈਨਲ ਸ਼ੁਰੂ ਕਰ ਦਿੱਤੇ ਗਏ ਸਨ, ਪਰ ਆਨ ਏਅਰ ਟੀਵੀ ਚੈਨਲ ਸ਼ੁਰੂ ਕਰਨ ਦੀ ਪ੍ਰਵਾਨਗੀ ਭਾਰਤ ਸਰਕਾਰ ਦੇ ਹੱਥਾਂ ਵਿੱਚ ਹੈ ਜਿਸ ਬਾਰੇ SGPC ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ, SGPC ਤੇ ਪ੍ਰਧਾਨ ਸਾਹਿਬ ’ਤੇ ਬਿਆਨਬਾਜ਼ੀ ਕਰ ਰਹੇ ਹਨ, ਇਲਜ਼ਾਮ ਲਾ ਰਹੇ ਹਨ ਉਹ ਖੁੱਲ੍ਹੇ ਪਲੇਟਫਾਰਮ ’ਤੇ ਆ ਕੇ ਸਾਡੇ ਨਾਲ ਗੱਲ ਕਰਨ ਅਸੀਂ ਹਰ ਸਵਾਲ ਦਾ ਜਵਾਬ ਦੇਵਾਂਗੇ, ਸਾਡੇ ਕੋਲ ਹਰ ਗੱਲ ਦੇ ਸਬੂਤ ਹਨ। ਇਨ੍ਹਾਂ ਸਾਰੇ ਇਲਜ਼ਾਮਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦੂਜਿਆਂ ਦੀ ਲਕੀਰ ਛੋਟੀ ਕਰਨ ਲਈ ਪਹਿਲਾਂ ਆਪਣੀ ਲਕੀਰ ਵੱਡੀ ਕਰਨੀ ਪੈਂਦੀ ਹੈ, ਪਰ ਤੁਹਾਡੀ ਲਕੀਰ ਨਾ ਵੱਡੀ ਹੋ ਸਕਦੀ ਹੈ ਤੇ ਨਾ ਹੋਣੀ ਹੈ।
ਉਨ੍ਹਾਂ ਕਿਹਾ ਕਿ ਅੱਜ ਗੱਲ ਸਵਾਲਾਂ ਦੀ ਨਹੀਂ ਹੈ, ਗੱਲ ਮੌਜੂਦਾ ਹਾਲਾਤਾਂ ਵਿੱਚ ਪੰਥ ਦੇ ਸਾਹਮਣੇ ਦਰਪੇਸ਼ ਮੁੱਦਿਆਂ ਤੇ ਚੁਣੌਤੀਆਂ ਦੀ ਹੈ ਕਿ ਪੰਥਕ ਏਕਤਾ ਨੂੰ ਕਿੱਦਾਂ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਸੁਧਾਰ ਲਹਿਰ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਲਈ ਸਭ ਨੂੰ ਇੱਕ ਝੰਡੇ ਹੇਠਾਂ ਇਕੱਠੇ ਹੋਣਾ ਚਾਹੀਦਾ ਹੈ।