India

ਜੰਮੂ-ਕਸ਼ਮੀਰ ਦੇ ਗੰਦਰਬਲ ‘ਚ ਅੱਤਵਾਦੀ ਹਮਲਾ: ਡਾਕਟਰ ਸਮੇਤ 7 ਲੋਕਾਂ ਦੀ ਮੌਤ, 5 ਜ਼ਖਮੀ

Gagangir Terror Attack : ਜੰਮੂ-ਕਸ਼ਮੀਰ ਦੇ ਗੰਦਰਬਲ ‘ਚ ਅਤਿਵਾਦੀਆਂ ਦੇ ਕਾਇਰਾਨਾ ਹਮਲੇ ‘ਚ 7 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿਚ ਇਕ ਸਥਾਨਕ ਡਾਕਟਰ ਅਤੇ ਸੁਰੰਗ ‘ਚ ਕੰਮ ਕਰ ਰਹੇ 6 ਕਰਮਚਾਰੀ ਸ਼ਾਮਲ ਹਨ। ਮਰਨ ਵਾਲਿਆਂ ਵਿੱਚੋਂ (ਇਕ ਪੰਜਾਬੀ) ਪੰਜ ਗੈਰ-ਸਥਾਨਕ ਸਨ, ਜਿਨ੍ਹਾਂ ਵਿੱਚ 2 ਅਧਿਕਾਰੀ ਵਰਗ ਅਤੇ 3 ਮਜ਼ਦੂਰ ਵਰਗ ਦੇ ਸਨ।

5 ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਉਸ ਨੂੰ ਸ਼੍ਰੀਨਗਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਸਾਰੇ ਮਜ਼ਦੂਰ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸੁਰੰਗ ਪ੍ਰਾਜੈਕਟ ਵਿੱਚ ਕੰਮ ਕਰ ਰਹੇ ਸਨ। ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਐਤਵਾਰ ਰਾਤ ਤੋਂ ਸ਼ੁਰੂ ਹੋਇਆ ਸਰਚ ਆਪਰੇਸ਼ਨ ਸੋਮਵਾਰ ਸਵੇਰੇ ਵੀ ਜਾਰੀ ਹੈ।

ਸੁਰੱਖਿਆ ਬਲਾਂ ਨੇ ਇਸ ਗੰਦਰਬਲ ਹਮਲੇ ਤੋਂ 50 ਕਿਲੋਮੀਟਰ ਦੂਰ ਬਾਰਾਮੂਲਾ ਵਿੱਚ ਇੱਕ ਅੱਤਵਾਦੀ ਨੂੰ ਵੀ ਮਾਰ ਦਿੱਤਾ ਹੈ। ਉਸ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਹੋਏ ਹਨ। ਇਸ ਇਲਾਕੇ ‘ਚ ਸਰਚ ਆਪਰੇਸ਼ਨ ਵੀ ਜਾਰੀ ਹੈ। ਗੰਦਰਬਲ ‘ਚ ਜਿਸ ਖੇਤਰ ‘ਚ ਅੱਤਵਾਦੀ ਹਮਲਾ ਹੋਇਆ ਸੀ, ਉਹ ਸੀਐੱਮ ਉਮਰ ਅਬਦੁੱਲਾ ਦੇ ਵਿਧਾਨ ਸਭਾ ਖੇਤਰ ‘ਚ ਪੈਂਦਾ ਹੈ। ਉਨ੍ਹਾਂ ਕਿਹਾ- ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਪੀੜਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।

ਹਮਲੇ ਨੂੰ ਅੰਜਾਮ ਦੇਣ ਵਾਲੇ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਤਿਵਾਦੀ ਹਮਲੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਤਿਵਾਦੀ ਹਮਲਾ ਰਾਤ ਕਰੀਬ 8.30 ਵਜੇ ਹੋਇਆ। ਇਸ ਸਮੇਂ ਸਾਰੇ ਕਰਮਚਾਰੀ ਖਾਣਾ ਖਾਣ ਲਈ ਮੈੱਸ ਵਿੱਚ ਇਕੱਠੇ ਹੋਏ ਸਨ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਦੋਂ ਕਰਮਚਾਰੀ ਮੇਸ ਵਿੱਚ ਖਾਣਾ ਖਾ ਰਹੇ ਸਨ ਤਾਂ ਤਿੰਨ ਅਤਿਵਾਦੀ ਉੱਥੇ ਪਹੁੰਚ ਗਏ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫ਼ਰਾਰ ਹੋ ਗਏ। ਅਤਿਵਾਦੀਆਂ ਦੀ ਗੋਲੀਬਾਰੀ ‘ਚ ਦੋ ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ। ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਲਸ਼ਕਰ-ਏ-ਤੋਇਬਾ ਨਾਲ ਜੁੜੇ ਸੰਗਠਨ ਦ ਰੇਸਿਸਟੈਂਸ ਫਰੰਟ (ਟੀ.ਆਰ.ਐੱਫ.) ਨੇ ਕੀਤਾ ਹੈ।